ਇਹ ਹਨ ਕੈਨੇਡਾ ‘ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬੀ ਚਿਹਰੇ

PunjabKesari
ਦੀਪਕ ਆਨੰਦ
ਹਲਕਾ : ਮਿਸੀਸਾਗਾ ਮਾਲਟਨ
ਪਾਰਟੀ : ਕੰਜ਼ਰਵੇਟਿਵ ਪ੍ਰੋਗਰੈਸਿਵ
ਵੋਟ ਮਿਲੇ : 14712
ਜੀਤ ਦਾ ਫਰਕ : 2362 ਵੋਟ
ਕੌਣ ਹਨ ਦੀਪਕ ਆਨੰਦ
ਪੰਜਾਬ  ਵਿਚ ਪਟਿਆਲਾ ਵਿਚ ਪੈਦਾ ਹੋਏ ਦੀਪਕ ਆਨੰਦ ਓਂਟਾਰੀਓ ਚੋਣਾਂ ਵਿਚ ਮਿਸੀਸਾਗਾ ਮਾਲਟਨ ਸੀਟ ਤੋਂ ਵਿਧਾਇਕ ਬਣੇ ਹਨ। ਮਾਲਟਨ ਸੀਟ ਉਹ ਸੀਟ ਹੈ, ਜਿਹੜੀ ਸ਼ੁਰੂਆਤ ਵਿਚ ਪੰਜਾਬੀਆਂ ਦਾ ਗੜ੍ਹ ਹੋਇਆ ਕਰਦੀ ਸੀ। ਦੀਪਕ ਦੀ ਸਕੂਲੀ ਸਿੱਖਿਆ ਮੋਹਾਲੀ ਵਿਚ ਗਿਆਨ ਜੋਤੀ ਸਕੂਲ ਵਿਚ ਹੋਈ ਹੈ। ਉਨ੍ਹਾਂ ਨੇ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ ਹੈ। ਪਿਛਲੇ 18 ਸਾਲ ਤੋਂ ਕੈਨੇਡਾ ਵਿਚ ਵਸੇ ਦੀਪਕ ਨੇ ਕੈਨੇਡਾ ਵਿਚ ਸ਼ੁਰੂਆਤ ਇਕ ਕੰਪਨੀ ਵਿਚ ਕਵਾਲਿਟੀ ਮੈਨੇਜਰ ਦੀ ਨੌਕਰੀ ਕਰਕੇ ਕੀਤੀ ਸੀ। ਇਸ ਤੋਂ ਬਾਅਦ ਦੀਪਕ ਨੇ ਸ਼ੀਓਲਿਕ ਸਕੂਲ ਆਫ ਬਿਜ਼ਨੈੱਸ ਵਿਚ ਫੁੱਲ ਟਾਈਮ ਐੱਮ. ਬੀ. ਏ. ਕੀਤੀ।

ਸਿਆਸਤ ਵਿਚ ਕਿਵੇਂ ਆਏ
ਮੇਰਾ ਪਰਿਵਾਰਕ ਪਿਛੋਕੜ ਸਿਆਸੀ ਨਹੀਂ ਹੈ। ਮੈਂ ਇਥੇ ਚੈਰਿਟੀ ਸੰਸਥਾ ਲਈ ਕੰਮ ਕਰ ਰਿਹਾ ਸੀ ਅਤੇ ਇਸ ਦੌਰਾਨ ਮੈਂ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆਵਾਂ ਨੂੰ ਮਹਿਸੂਸ ਕੀਤਾ। ਫਿਰ ਮੈਂ ਸਿਆਸਤ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਸਿਆਸਤ ਵਿਚ ਸਰਗਰਮ ਹੋ ਕੇ ਹੀ ਕੱਢਿਆ ਜਾ ਸਕਦਾ ਹੈ। ਲਿਹਾਜ਼ਾ ਮੈਂ ਸਿਆਸੀ ਵਾਲੰਟੀਅਰ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਲੋਕਾਂ ਦਾ ਪਿਆਰ ਮਿਲਿਆ ਅਤੇ ਇਸੇ ਪਿਆਰ ਦੇ ਬਲਬੂਤੇ ਅੱਜ ਮੈਂ ਇਸ ਮੁਕਾਮ ‘ਤੇ ਪਹੁੰਚਿਆ ਹਾਂ।

ਦੀਪਕ ਆਨੰਦ ਬਲੂ ਪ੍ਰਿੰਟ
ਸਾਡੀ ਪਾਰਟੀ ਨੇ ਵੈਸੇ ਤਾਂ ਜਨਤਾ ਨਾਲ ਵਿਆਪਕ ਸੁਧਾਰ ਦਾ ਵਾਅਦਾ ਕੀਤਾ ਹੈ। ਇਸ ਵਿਚ ਰੋਜ਼ਗਾਰ ਤੋਂ ਲੈ ਕੇ ਜਨਤਾ ਦਾ ਜੀਵਨ ਆਸਾਨ ਬਣਾਉਣ ਦੇ ਸਾਰੇ ਯਤਨ ਕੀਤੇ ਜਾਣਗੇ ਪਰ ਮੇਰਾ ਨਿੱਜੀ ਬਲੂ ਪ੍ਰਿੰਟ ਆਪਣੇ ਹਲਕੇ ਦੀ ਹਰ ਆਵਾਜ਼ ਨੂੰ ਕਵੀਂਜ ਪਾਰਕ (ਓਂਟਾਰੀਓ ਵਿਧਾਨ ਸਭਾ) ਵਿਚ ਚੁੱਕ ਕੇ ਉਨ੍ਹਾਂ ਦਾ ਹੱਲ ਕੱਢਣਾ ਹੈ। ਲੋਕਾਂ ਨੇ ਮੈਨੂੰ ਸਮਰਥਨ ਦੇ ਕੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨ ਦਾ ਮੌਕਾ ਦਿੱਤਾ ਹੈ ਅਤੇ ਮੈਂ ਪੂਰੀ ਮਿਹਨਤ ਅਤੇ ਲਗਨ ਨਾਲ ਇਹ ਕੰਮ ਕਰਾਂਗਾ। ***

PunjabKesari
ਸਾਰਾ ਸਿੰਘ
ਸੀਟ : ਬਰੈਂਪਟਨ ਸੈਂਟਰਲ
ਪਾਰਟੀ : ਐੱਨ. ਡੀ. ਪੀ.
ਵੋਟ ਮਿਲੇ : 12892
ਜਿੱਤ ਦਾ ਫਰਕ : 89

ਕੌਣ ਹਨ ਸਾਰਾ ਸਿੰਘ
ਬ੍ਰੈਂਪਟਨ ਵਿਚ ਜੰਮੀ ਅਤੇ ਪਲੀ ਸਾਰਾ ਸਿੰਘ ਬ੍ਰੈਂਪਟਨ ਸੈਂਟਰ ਸੀਟ ਤੋਂ ਵਿਧਾਇਕ ਚੁਣੀ ਗਈ ਹੈ। ਸਾਰਾ ਸਿੰਘ ਦੇ ਪਰਿਵਾਰ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਸਾਰਾ ਸਿੰਘ ਨੇ ਰੇਅਰਸਨ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਤੋਂ ਇਲਾਵਾ ਮਾਸਟਰਸ ਇਨ ਆਰਟਸ ਦੀ ਸਿੱਖਿਆ ਹਾਸਲ ਕੀਤੀ ਹੋਈ ਹੈ। ਇਨ੍ਹਾਂ ਚੋਣਾਂ ਵਿਚ ਬ੍ਰੈਂਪਟਨ ਤੋਂ ਚੁਣੀ ਗਈ ਐੱਨ. ਡੀ. ਪੀ. ਦੀ ਇਕਲੌਤੀ ਮਹਿਲਾ ਵਿਧਾਇਕ ਹੈ।

ਸਾਰਾ ਸਿੰਘ ਦੇ ਮੁੱਦੇ
ਸਾਰਾ ਸਿੰਘ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਨਵੇਂ ਹਸਪਤਾਲ ਬਣਵਾਉਣ ਦਾ ਵਾਅਦਾ ਕੀਤਾ ਹੈ। ਬ੍ਰੈਂਪਟਨ ਸੈਂਟਰ ਵਿਚ ਲੋਕਾਂ ਨੂੰ ਸਿਹਤ ਸੇਵਾਵਾਂ ਪੱਖੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਰਕਾਰ ਵਲੋਂ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿਚ ਦਵਾਈਆਂ ਦਾ ਖਰਚਾ ਸ਼ਾਮਲ ਨਹੀਂ ਹੁੰਦਾ। ਲਿਹਾਜ਼ਾ ਬੀਮਾਰੀਆਂ ਦੇ ਇਲਾਜ ‘ਤੇ ਭਾਰੀ ਭਰਕਮ ਖਰਚ ਹੁੰਦਾ ਹੈ। ਸਾਰਾ ਸਿੰਘ ਇਸ ਖਰਚ ਨੂੰ ਘੱਟ ਕਰਨਾ ਚਾਹੁੰਦੀ ਹੈ।

ਸਿਆਸਤ ਵਿਚ ਕਿਵੇਂ ਆਏ
ਐੱਨ. ਡੀ. ਪੀ. ਦੀ ਟਿਕਟ ‘ਤੇ ਚੋਣ ਲੜਨ ਤੋਂ ਪਹਿਲਾਂ ਸਾਰਾ ਸਿੰਘ ਓਂਟਾਰੀਓ ਦੀ ਕਮਿਊਨਿਟੀ ਲੀਵਿੰਗ ਵਿਚ ਬੋਰਡ ਆਫ ਕਰੈਕਟਰ ਵਿਚ ਰਹੀ ਹੈ ਅਤੇ ਸਮਾਜ ਸੇਵਾ ਦੇ ਕੰਮਾਂ ਨਾਲ ਜੁੜੀ ਰਹੀ ਹੈ। ਸਿਆਸਤ ਵੱਲ ਉਨ੍ਹਾਂ ਦਾ ਰੁਝਾਨ ਸਮਾਜ ਸੇਵਾ ਵਿਚ ਜੁੜਨ ਤੋਂ ਬਾਅਦ ਹੀ ਹੋਇਆ। ਲੋਕਾਂ ਲਈ ਕੰਮ ਕਰਦਿਆਂ ਉਨ੍ਹਾਂ ਨੂੰ ਲੱਗਾ ਕਿ ਸਿਆਸਤ ਵਿਚ ਆ ਕੇ ਲੋਕਾਂ ਦੀ ਬਿਹਤਰ ਢੰਗ ਨਾਲ ਸੇਵਾ ਕੀਤੀ ਜਾ ਸਕਦੀ ਹੈ।
***

PunjabKesari
ਪਰਮ ਗਿੱਲ
ਸੀਟ : ਮਿਲਟਨ
ਪਾਰਟੀ : ਪ੍ਰੋਗਰੈਸਿਵ ਕੰਜ਼ਰਵੇਟਿਵ
ਵੋਟ ਮਿਲੇ : 18237
ਜਿੱਤ ਦਾ ਫਰਕ : 5177

ਕੌਣ ਹਨ ਪਰਮ 
ਓਂਟਾਰੀਓ ਦੀ ਮਿਲਟਨ ਸੀਟ ਤੋਂ ਚੋਣ ਜਿੱਤੇ ਪਰਮ ਗਿੱਲ ਮੋਗਾ ਦੇ ਪਿੰਡ ਪੁਰਾਣਾਵਾਲਾ ਨਾਲ ਸਬੰਧ ਰੱਖਦੇ ਹਨ। ਇਸ ਤੋਂ ਪਹਿਲਾਂ ਉਹੋ ਕੈਨੇਡਾ ਦੇ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਹਨ। ਉਹ ਦੋ ਵਾਰ ਐੱਮ. ਪੀ. ਦੀ ਚੋਣ ਹਾਰ ਚੁੱਕੇ ਹਨ।

 ਪਰਮ ਗਿੱਲ ਦੇ ਮੁੱਦੇ
ਪਰਮ ਗਿੱਲ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੇ ਹਲਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਤੋਂ ਇਲਾਵਾ ਸਸਤੀ ਬਿਜਲੀ, ਰੋਜ਼ਗਾਰ ਅਤੇ ਸਿੱਖਿਆ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣਾ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਉਹ ਭਾਰਤ ਵਿਚੋਂ ਕੈਨੇਡਾ ਪੜ੍ਹਾਈ ਲਈ ਆ ਰਹੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਦੇ ਹਨ ਅਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਵੀ ਕੋਸ਼ਿਸ਼ ਕਰਨਗੇ।
ਸਿਆਸਤ ਵਿਚ ਕਿਵੇਂ ਆਏ
ਪਰਮ ਗਿੱਲ ਦੇ ਪਰਿਵਾਰ ਦਾ ਕੈਨੇਡਾ ਵਿਚ ਫਰਨੀਚਰ ਦਾ ਚੰਗਾ ਕਾਰੋਬਾਰ ਹੈ ਅਤੇ ਉਹ ਕੈਨੇਡਾ ਵਿਚ ਆਉਣ ਤੋਂ ਬਾਅਦ ਆਪਣੇ ਪਰਿਵਾਰਕ ਕਾਰੋਬਾਰ ਨਾਲ ਜੁੜੇ। 2006 ਦੀਆਂ ਚੋਣਾਂ ਤੋਂ ਪਹਿਲਾਂ ਪਰਮ ਗਿੱਲ ਨੂੰ ਕੈਨੇਡਾ ਦੀਆਂ ਕੁਝ ਨੀਤੀਆਂ ਵਿਚ ਕਮੀ ਨਜ਼ਰ ਆਉਣੀ ਸ਼ੁਰੂ ਹੋਈ। ਲਿਹਾਜ਼ਾ ਪਰਮ ਗਿੱਲ ਨੇ ਸਿਆਸਤ ਵਿਚ ਉਤਰਨ ਦਾ ਫੈਸਲਾ ਕੀਤਾ ਅਤੇ ਕੰਜ਼ਰਵੇਟਿਵ ਪਾਰਟੀ ਜੁਆਇਨ ਕੀਤੀ ਅਤੇ ਬਤੌਰ ਮੈਂਬਰ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਚੋਣ ਲੜਨ ਦਾ ਮੌਕਾ ਮਿਲਿਆ।
PunjabKesari
ਨੀਨਾ ਤਾਂਗੜੀ
ਹਲਕਾ : ਮਿਸੀਸਾਗਾ ਸਟ੍ਰੇਟਵਿਲੇ
ਪਾਰਟੀ : ਕੰਜ਼ਰਵੇਟਿਵ ਪ੍ਰੋਗਰੈਸਿਵ
ਵੋਟ ਮਿਲੇ  : 20879
ਜਿੱਤ ਦਾ ਫਰਕ : 8486 ਵੋਟ

ਕੌਣ ਹਨ ਨੀਨਾ ਤਾਂਗੜੀ
ਮਿਸੀਸਾਗਾ ਸਟ੍ਰੇਟਵਿਲੇ ਸੀਟ ਤੋਂ ਆਪਣੀ ਵਿਰੋਧੀ ਉਮੀਦਵਾਰ ਬਾਬ ਡੇਲਨ ਤੋਂ ਤਿੰਨ ਚੋਣਾਂ ਹਾਰਨ ਤੋਂ ਬਾਅਦ ਆਖਿਰਕਾਰ ਜਲੰਧਰ ਦੀ ਨੂੰਹ ਨੀਨਾ ਤਾਂਗੜੀ ਨੇ ਉਨ੍ਹਾਂ ਨੂੰ ਚੌਥੀ ਵਾਰ ਚੋਣਾਂ ਵਿਚ ਹਰਾ ਦਿੱਤਾ। ਨੀਨਾ ਇਸ ਤੋਂ ਪਹਿਲਾਂ 2003, 2007 ਅਤੇ 2014 ਦੀਆਂ ਚੋਣਾਂ ਬਾਬ ਦੇ ਹੱਥੋਂ ਹਾਰ ਚੁੱਕੀ ਹੈ। ਇੰਗਲੈਂਡ ਵਿਚ ਪੈਦਾ ਹੋਈ ਨੀਨਾ ਤਾਂਗੜੀ ਦਾ ਵਿਆਹ 34 ਸਾਲ ਪਹਿਲਾਂ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਹੋਇਆ ਹੈ। ਇਸ ਪਿੰਡ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਸ਼ੀਲਾ ਰਾਣੀ ਡੀ. ਏ. ਵੀ. ਸਕੂਲ ਵੀ ਚਲਾਇਆ ਜਾ ਰਿਹਾ ਹੈ। ਨੀਨਾ ਵਿਆਹ ਤੋਂ ਬਾਅਦ 1984 ਵਿਚ ਕੈਨੇਡਾ ਆਈ ਸੀ।
ਸਿਆਸਤ ਵਿਚ ਕਿਵੇਂ ਆਏ
ਜਦੋਂ ਟੀ. ਵੀ. ‘ਤੇ ਪ੍ਰੋਗਰਾਮ ਦੌਰਾਨ ਨੀਤੀਆਂ ਨੂੰ ਲੈ ਕੇ ਗੜਬੜ ਨਜ਼ਰ ਆਉਂਦੀ ਸੀ ਤਾਂ ਅਜਿਹੀ ਸਥਿਤੀ ਨੂੰ ਦੇਖ ਕੇ ਗੁੱਸਾ ਆਉਂਦਾ ਸੀ ਲਿਹਾਜ਼ਾ ਮੈਂ ਸਿਆਸਤ ਵਿਚ ਆਉਣ ਦਾ ਫੈਸਲਾ ਕੀਤਾ ਅਤੇ ਪੀ. ਸੀ. ਪਾਰਟੀ ਨਾਲ ਜੁੜੀ। ਮੈਨੂੰ ਪਾਰਟੀ ਦੀਆਂ ਨੀਤੀਆਂ ਨੇ ਪ੍ਰਭਾਵਿਤ ਕੀਤਾ ਕਿਸੇ ਵੀ ਪਾਰਟੀ ਨੂੰ ਜਨਤਾ ਤੋਂ ਹਾਸਲ ਕੀਤੇ ਗਏ ਟੈਕਸ ਨੂੰ ਲੈ ਕੇ ਜਵਾਬਦੇਹ ਹੋਣਾ ਚਾਹੀਦਾ ਹੈ ਅਤੇ ਪੀ. ਸੀ. ਇਸ ਮਾਮਲੇ ਵਿਚ ਬਿਹਤਰ ਪਾਰਟੀ ਹੈ।

ਹਲਕੇ ਦੇ ਮੁੱਦੇ 
ਮੇਰੇ ਹਲਕੇ ਵਿਚ ਵੱਡੀ ਗਿਣਤੀ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਹੈ ਅਤੇ ਇਨ੍ਹਾਂ ਦੀ ਸਿਹਤ ਨੂੰ ਲੈ ਕੇ ਸਮੱਸਿਆ ਮੇਰੇ ਹਲਕੇ ਦਾ ਵੱਡਾ ਮੁੱਦਾ ਹੈ। ਇਸ ਤੋਂ ਇਲਾਵਾ ਸਿੱਖਿਆ, ਨੌਕਰੀ ਅਤੇ ਨੌਜਵਾਨਾਂ ਨਾਲ ਜੁੜੇ ਹੋਰ ਮੁੱਦਿਆਂ ਨੂੰ ਵੀ ਹੱਲ ਕਰਨ ਦਾ ਯਤਨ ਕਰਾਂਗੀ। ਮੇਰਾ ਟੀਚਾ ਆਪਣੇ ਹਲਕੇ ਦੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਨਾ ਹੈ। ਮੈਂ ਰਾਊਂਡ ਟੇਬਲ ਅਤੇ ਟਾਊਨ ਹਾਲ ਕਰਾਂਗੀ ਅਤੇ ਲੋਕਾਂ ਦੇ ਮੁੱਦੇ ਸੁਣਾਂਗੀ ਅਤੇ ਉਨ੍ਹਾਂ ਸਾਰੇ ਮੁੱਦਿਆਂ ਨੂੰ ਵਿਧਾਨ ਸਭਾ ਵਿਚ ਚੁੱਕਾਂਗੀ। ਲੋਕਾਂ ਨੂੰ ਸਸਤੀ ਬਿਜਲੀ, ਸਸਤਾ ਤੇਲ ਅਤੇ ਮਹਿੰਗਾਈ ਤੋਂ ਨਿਜਾਤ ਦਿਵਾਉਣਾ ਮੇਰਾ ਟੀਚਾ ਹੈ।
***

PunjabKesari
ਅਮਰਜੋਤ ਸਿੰਘ ਸੰਧੂ
ਬ੍ਰੈਂਪਟਨ ਵੈਸਟ
ਪਾਰਟੀ : ਕੰਜ਼ਰਵੇਟਿਵ ਪ੍ਰੋਗਰੈਸਿਵ
ਵੋਟ ਮਿਲੇ : 14951
ਜੀਤ ਦਾ ਫਰਕ : 490 ਵੋਟ
ਕੌਣ ਹਨ ਅਮਰਜੋਤ
ਓਂਟਾਰੀਓ ਚੋਣਾਂ ਵਿਚ ਬ੍ਰੈਂਪਟਨ ਵੈਸਟ ਤੋਂ ਚੋਣ ਜਿੱਤ ਕੇ ਓਂਟਾਰੀਓ ਦੀ ਵਿਧਾਨ ਸਭਾ ਪਹੁੰਚੇ ਅਮਰਜੋਤ ਸੰਧੂ ਕੈਨੇਡਾ ਵਿਚ ਬਤੌਰ ਵਿਦਿਆਰਥੀ ਜਾ ਕੇ 10 ਸਾਲ ਵਿਚ ਵਿਧਾਨ ਸਭਾ ਪਹੁੰਚਣ ਵਾਲੇ ਪਹਿਲੇ ਅੰਤਰਰਾਸ਼ਟਰੀ ਵਿਦਿਆਰਥੀ ਹਨ। ਸੰਧੂ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਸਕੂਲੀ ਸਿੱਖਿਆ ਅੰਮ੍ਰਿਤਸਰ ਤੋਂ ਹੋਈ ਹੈ। ਸੰਧੂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ‘ਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ। 2008 ਵਿਚ ਕੈਨੇਡਾ ਆਏ ਸੰਧੂ ਨੇ ਆਪਣੀ ਮਾਸਟਰ ਡਿਗਰੀ ਵਾਇਰਲੈੱਸ ਨੈੱਟਰਕਿੰਗ ‘ਚ ਹਾਸਲ ਕੀਤੀ ਹੈ। ਸਿੱਖਿਆ ਪੂਰੀ ਕਰਨ ਤੋਂ ਬਾਅਦ ਅਮਰਜੋਤ ਨੇ ਵਾਇਰਲੈੱਸ ਅਤੇ ਨੈੱਟਵਰਕਿੰਗ ਦੇ ਤੌਰ ‘ਤੇ ਪੰਜ ਸਾਲ ਨੌਕਰੀ ਕੀਤੀ ਹੈ।
ਅਮਰਜੋਤ ਅਤੇ ਸਿਆਸਤ 
ਅਮਰਜੋਤ ਦਾ ਪਰਿਵਾਰਕ ਪਿਛੋਕੜ ਸਿਆਸਤੀ ਰਿਹਾ ਹੈ ਅਤੇ ਪੰਜਾਬ ਵਿਚ ਉਨ੍ਹਾਂ ਦਾ ਪਰਿਵਾਰ ਵੀ ਸਿਆਸਤ ਵਿਚ ਕਾਫੀ ਰੁਚੀ ਰੱਖਦਾ ਹੈ। ਅਮਰਜੋਤ ਕੈਨੇਡਾ ਆਉਣ ਦੇ ਨਾਲ ਹੀ ਕੰਜ਼ਰਵੇਟਿਵ ਪ੍ਰੈਗਰੈਸਿਵ ਨਾਲ ਜੁੜ ਗਏ ਸਨ ਅਤੇ ਇਕ ਵਾਲੰਟੀਅਰ ਦੇ ਤੌਰ ‘ਤੇ ਕੰਮ ਕਰਦੇ ਰਹੇ। ਉਹ ਆਪਣੇ ਹਲਕੇ ਬ੍ਰੈਂਪਟਨ ਵੈਸਟ ਵਿਚ ਪਾਰਟੀ ਦੀ ਸਥਾਨਕ ਇਕਾਈ ਦੇ ਪ੍ਰਧਾਨ ਵੀ ਰਹੇ ਹਨ।
ਹਲਕੇ ਦੇ ਮੁੱਦੇ
ਮੇਰੇ ਹਲਕੇ ਵਿਚ ਹੈਲਥ ਕੇਅਰ ਸਭ ਤੋਂ ਵੱਡਾ ਮੁੱਦਾ ਹੈ। ਲੋਕਾਂ ਨੂੰ ਬਿਹਤਰ ਸਹੂਲਤਾਂ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਗੱਡੀਆਂ ਦੀ ਬੀਮੇ ਨੂੰ ਲੈ ਕੇ ਵੀ ਲੋਕਾਂ ਦੀ ਵੱਡੀ ਮੰਗ ਹੈ। ਇਸ ਵਿਚ ਸੁਧਾਰ ਕੀਤਾ ਜਾਵੇਗਾ। ਬ੍ਰੈਂਪਟਨ ਵਿਚ ਵੱਡੀ ਇੰਡਸਟਰੀ ਨਹੀਂ ਹੈ। ਲੋਕਾਂ ਨੂੰ ਰੋਜ਼ਗਾਰ ਦੇ ਲਈ ਦੋ-ਦੋ ਘੰਟੇ ਟ੍ਰੈਵਲ ਕਰਨਾ ਪੈਂਦਾ ਹੈ। ਇਥੋਂ ਉਦਯੋਗਾਂ ‘ਤੇ ਨਿਗਰਾਨੀ ਜ਼ਿਆਦਾ ਸੀ ਲਿਹਾਜ਼ਾ ਇੰਡਸਟਰੀ ਇਥੇ ਆਉਣੋਂ ਡਰ ਰਹੀ ਸੀ। ਸਾਡੀ ਪਾਰਟੀ ਨੇ ਰੈਗੂਲੇਸ਼ਨ ਘਟਾਉਣ ਦੀ ਗੱਲ ਕੀਤੀ ਹੈ। ਇਸ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ।

***

PunjabKesari
ਪ੍ਰਭਮੀਤ ਸਿੰਘ ਸਰਕਾਰੀਆ
ਹਲਕਾ : ਬਰੈਂਪਟਨ ਸਾਊਥ
ਪਾਰਟੀ : ਕੰਜ਼ਰਵੇਟਿਵ ਪ੍ਰੋਗਰੈਸਿਵ
ਵੋਟ ਮਿਲੇ : 15652
ਜਿੱਤ ਦਾ ਫਰਕ : 2733 ਵੋਟ
ਕੌਣ ਹਨ ਪ੍ਰਭਮੀਤ ਸਿੰਘ ਸਰਕਾਰੀਆ
ਪ੍ਰਭਮੀਤ ਸਿੰਘ ਸਰਕਾਰੀਆ ਦਾ ਪਰਿਵਾਰਕ ਪਿਛੋਕੜ ਅੰਮ੍ਰਿਤਸਰ ਤੋਂ ਹੈ। ਗੁੰਮਟਾਲਾ ਉਨ੍ਹਾਂ ਦਾ ਜੱਦੀ ਪਿੰਡ ਹੈ ਅਤੇ ਉਹ ਅੰਮ੍ਰਿਤਸਰ ਦੇ ਰਾਜਾਸਾਂਸੀ ਏਅਰਪੋਰਟ ਦੇ ਨੇੜੇ ਸਥਿਤ ਹੈ। ਅੱਜ ਵੀ ਉਨ੍ਹਾਂ ਦਾ ਇਕ ਘਰ ਅੰਮ੍ਰਿਤਸਰ ਵਿਚ ਹੈ ਅਤੇ ਪ੍ਰਭਮੀਤ ਅਕਸਰ ਅੰਮ੍ਰਿਤਸਰ ਆਉਂਦਾ ਰਹਿੰਦਾ ਹੈ। ਸਰਕਾਰੀਆ ਨੇ ਪਹਿਲਾਂ ਬੀ. ਬੀ. ਏ. ਦੀ ਸਿੱਖਿਆ ਹਾਸਲ ਕੀਤੀ ਅਤੇ ਬੈਂਕ ਵਿਚ ਨੌਕਰੀ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ ਅਤੇ ਕਾਰਪੋਰੇਟ ਲਾਅ ਕੰਪਨੀ ਵਿਚ ਕੰਮ ਕੀਤਾ।
ਸਿਆਸਤ ਵਿਚ ਕਿਵੇਂ ਆਏ
ਮੈਂ ਵਕਾਲਤ ਦੇ ਪੇਸ਼ੇ ਵਿਚੋਂ ਹਾਂ ਅਤੇ ਵਕਾਲਤ ਅਤੇ ਐੱਮ. ਪੀ. ਪੀ. ਦਾ ਕੰਮ ਲਗਭਗ ਇਕੋ ਜਿਹਾ ਹੈ। ਮੈਂ ਵਕੀਲ ਹੋਣ ਦੇ ਨਾਤੇ ਜਨਤਾ ਨਾਲ ਜੁੜ ਰਿਹਾ ਹਾਂ ਅਤੇ ਇਥੇ ਨੀਤੀ ਨਿਰਮਾਣ ਨਾਲ ਜੁੜੀਆਂ ਗੱਲਾਂ ‘ਤੇ ਸਟੱਡੀ ਕਰਦਾ ਰਿਹਾ ਹਾਂ। ਮੈਨੂੰ ਕਈ ਵਾਰ ਨੀਤੀਆਂ ਵਿਚ ਪਰਿਵਰਤਨ ਦੀ ਜ਼ਰੂਰਤ ਮਹਿਸੂਸ ਹੋਈ ਲਿਹਾਜ਼ਾ ਮੈਂ ਸਿਆਸਤ ਵਿਚ ਆਉਣ ਦਾ ਫੈਸਲਾ ਕੀਤਾ ਅਤੇ ਲੋਕਾਂ ਨੂੰ ਸਮਰਥਨ ਦੇ ਨਾਲ ਪੀ. ਸੀ. ਪਾਰਟੀ ਨਾਲ ਜੁੜਿਆ ਅਤੇ ਪਾਰਟੀ ਨੇ ਅਤੇ ਲੋਕਾਂ ਨੇ ਮੇਰੇ ‘ਤੇ ਭਰੋਸਾ ਜਤਾਇਆ।
ਪ੍ਰਭਮੀਤ ਦੇ ਮੁੱਦੇ
ਵਿਧਾਇਕ ਦੇ ਹੱਥ ਵਿਚ ਸਿਹਤ ਅਤੇ ਸਿੱਖਿਆ ਨਾਲ ਜੁੜੇ ਮਸਲੇ ਹੁੰਦੇ ਹਨ। ਇਸ ਤੋਂ ਇਲਾਵਾ ਵੱਧ ਰਹੇ ਟੈਕਸਾਂ ਤੋਂ ਲੋਕਾਂ ਨੂੰ ਰਾਹਤ ਦਿਵਾਉਣਾ, ਆਧਾਰਭੂਤ ਢਾਂਚੇ ਵਿਚ ਸੁਧਾਰ ਕਰਕੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣੀਆਂ ਮੇਰਾ ਸਭ ਤੋਂ ਪਹਿਲਾਂ ਮਕਸਦ ਹੈ। ਮੈਨੂੰ ਲੋਕਾਂ ਨੇ ਉਨ੍ਹਾਂ ਦੀ ਆਵਾਜ਼ ਵਿਧਾਨ ਸਭਾ ਵਿਚ ਪਹੁੰਚਾਉਣ ਲਈ ਚੁਣਿਆ ਹੈ ਅਤੇ ਇਹ ਕੰਮ ਮੈਂ ਪੂਰੀ ਈਮਾਨਦਾਰੀ ਨਾਲ ਕਰਾਂਗਾ। ਪ੍ਰਚਾਰ ਦੌਰਾਨ ਸਾਨੂੰ ਪਤਾ ਲੱਗਾ ਕਿ ਪਿਛਲੇ 15 ਸਾਲਾਂ ਤੋਂ  ਸਰਕਾਰ ਲੋਕਾਂ ਨੂੰ ਭੁੱਲ ਚੁੱਕੀ ਸੀ ਪਰ ਮੈਂ ਲੋਕਾਂ ਨਾਲ ਜੁੜ ਕੇ ਰਹਾਂਗਾ।

***

PunjabKesari

ਗੁਰਰਤਨ ਸਿੰਘ

ਐੱਨ. ਡੀ. ਪੀ. ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੋਟਾਂ ਦੇ ਚੰਗੇ ਫਰਕ ਨਾਲ ਬਰੈਂਪਟਨ ਈਸਟ ਦੀ ਸੀਟ ‘ਤੇ ਜਿੱਤ ਪ੍ਰਾਪਤ ਕੀਤੀ। ਗੁਰਰਤਨ ਸਿੰਘ ਨੂੰ 17706 ਵੋਟਾਂ ਪ੍ਰਾਪਤ ਹੋਈਆਂ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 4975 ਵੋਟਾਂ ਦੇ ਫਰਕ ਨਾਲ ਹਰਾਇਆ।
ਕੌਣ ਹਨ ਗੁਰਰਤਨ ਸਿੰਘ—
ਐੱਨ. ਡੀ. ਪੀ. ਦੇ ਪ੍ਰਧਾਨ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਦਾ ਪਰਿਵਾਰਕ ਪਿਛੋਕੜ ਵੀ ਪੰਜਾਬ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੀ ਮਾਂ ਹਰਮੀਤ ਕੌਰ ਲੁਧਿਆਣਾ ਅਤੇ ਪਿਤਾ ਜਗਤਾਰਨ ਸਿੰਘ ਬਰਨਾਲਾ ਨਾਲ ਸਬੰਧ ਰੱਖਦੇ ਹਨ। ਗੁਰਰਤਨ ਕੈਨੇਡਾ ਵਿਚ ਹੀ ਜੰਮੇ ਪਲੇ ਹਨ ਅਤੇ ਉਨ੍ਹਾਂ ਨੇ ਉਚੇਰੀ ਸਿੱਖਿਆ ਹਾਸਲ ਕੀਤੀ ਹੈ। ਬਰੈਂਪਟਨ ਈਸਟ ਤੋਂ ਗੁਰਰਤਨ ਸਿੰਘ ਪਹਿਲੀ ਵਾਰ ਚੋਣ ਲੜੇ ਅਤੇ ਪਹਿਲੀ ਵਾਰ ਹੀ ਉਹ ਜਿੱਤਣ ਵਿਚ ਕਾਮਯਾਬ ਵੀ ਰਹੇ।
ਸਿਆਸਤ ਵਿਚ ਕਿਵੇਂ ਆਏ—
ਗੁਰਰਤਨ ਸਿੰਘ ਪੇਸ਼ੇ ਤੋਂ ਵਕੀਲ ਹਨ ਅਤੇ ਆਪਣੇ ਭਰਾ ਜਗਮੀਤ ਸਿੰਘ ਦੇ ਨਾਲ ਹੀ ਵਕਾਲਤ ਦਾ ਕੰਮ ਕਰਦੇ ਹਨ। ਸਿਆਸਤ ਵਿਚ ਆਉਣ ਦੀ ਪ੍ਰੇਰਨਾ ਉਨ੍ਹਾਂ ਨੂੰ ਆਪਣੇ ਭਰਾ ਜਗਮੀਤ ਸਿੰਘ ਨੂੰ ਦੇਖ ਕੇ ਮਿਲੀ। ਜਗਮੀਤ ਸਿੰਘ ਇਸ ਤੋਂ ਪਹਿਲਾਂ ਦੋ ਵਾਰ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਦੇ ਵਿਧਾਇਕ ਬਣਨ ਵਿਚ ਗੁਰਰਤਨ ਦੀ ਅਹਿਮ ਭੂਮਿਕਾ ਰਹੀ। ਜਗਮੀਤ ਸਿੰਘ ਨਾਲ ਜ਼ਮੀਨੀ ਪੱਧਰ ‘ਤੇ ਕੰਮ ਕਰਦਿਆਂ ਉਹ ਲੋਕਾਂ ਨਾਲ ਜ਼ਮੀਨੀ ਪੱਧਰ ‘ਤੇ ਜੁੜੇ ਅਤੇ ਆਖਿਰਕਾਰ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿਚ ਕਿਸਮਤ ਅਜ਼ਮਾਉਣ ਦਾ ਮੌਕਾ ਮਿਲਿਆ।
ਗੁਰਰਤਨ ਦੇ ਮੁੱਦੇ—
ਵਾਤਾਵਰਣ ਦੀ ਸੰਭਾਲ ਤੋਂ ਇਲਾਵਾ ਸਿਹਤ ਸੇਵਾਵਾਂ ਵਿਚ ਸੁਧਾਰ, ਨੌਜਵਾਨਾਂ ਨੂੰ ਨੌਕਰੀ, ਸਿੱਖਿਆ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣਾ, ਨਵੇਂ ਹਸਪਤਾਲ ਖੋਲ੍ਹਣ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਆਸਾਨ ਬਣਾਉਣਾ ਗੁਰਰਤਨ ਸਿੰਘ ਦੇ ਅਹਿਮ ਮੁੱਦੇ ਹਨ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਲੋਕਾਂ ਦੀ ਆਵਾਜ਼ ਅਤੇ ਉਨ੍ਹਾਂ ਨਾਲ ਜੁੜੇ ਹਰ ਮੁੱਦੇ ਨੂੰ ਵਿਧਾਨ ਸਭਾ ਵਿਚ ਚੁੱਕਣ ਦਾ ਵਾਅਦਾ ਕੀਤਾ ਹੈ।

Be the first to comment

Leave a Reply