ਆਪਰੇਸ਼ਨ ਬਲੂ ਸਟਾਰ ਮਗਰੋਂ ਸਿੱਖਾਂ ਦੇ ਪ੍ਰਦਰਸ਼ਨ ‘ਤੇ ਵੰਡੀ ਗਈ ਸੀ ਬ੍ਰਿਟਿਸ਼ ਸਰਕਾਰ

ਬ੍ਰਿਟੇਨ ਨੇ ਆਪਰੇਸ਼ਨ ਬਲੂ ਸਟਾਰ ਨਾਲ ਸਬੰਧਤ ਹੋਰ ਦਸਤਾਵੇਜ਼ ਜਾਰੀ ਕੀਤੇ ਹਨ। ਇਨ੍ਹਾਂ ਦਸਤਾਵੇਜ਼ਾਂ ਮੁਤਾਬਕ ਬਲੂ ਸਟਾਰ ਮਗਰੋਂ ਸਿੱਖ ਜਥੇਬੰਦੀਆਂ ਦੇ ਪ੍ਰਦਰਸ਼ਨ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਦੇ ਅੰਦਰ ਵਖਰੇਵੇਂ ਸਾਹਮਣੇ ਆਏ ਸਨ।
ਇਨ੍ਹਾਂ ਦਸਤਾਵੇਜ਼ਾਂ ਦੇ ਜਨਤਕ ਹੋਣ ਤੋਂ ਬਾਅਦ ਬ੍ਰਿਟੇਨ ਵਿੱਚ ਸਿੱਖ ਜਥੇਬੰਦੀਆਂ ਨੂੰ ਨਿਰਾਸ਼ਾ ਹੋਵੇਗੀ ਕਿਉਂਕੀ ਇਨ੍ਹਾਂ ਵਿੱਚ ਆਪਰੇਸ਼ਨ ਬਲੂ ਸਟਾਰ ਵੇਲੇ ਬਰਤਾਨੀਆ ਦੀ ਫੌਜ ਦੀ ਭੂਮਿਕਾ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।ਜਾਰੀ ਕੀਤੇ ਗਏ ਦਸਤਾਵੇਜ਼ ਦੱਸਦੇ ਹਨ ਕਿ ਸਾਲ 1984 ਵਿੱਚ ਅੰਮ੍ਰਿਤਸਰ ਦੇ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਅਤੇ ਬਾਅਦ ਵਿੱਚ ਬ੍ਰਿਟੇਨ ਅਤੇ ਭਾਰਤ ਵਿੱਚ ਕਿਸ ਤਰ੍ਹਾਂ ਦੇ ਰਿਸ਼ਤੇ ਸਨ।
ਅਮ੍ਰਿਤਸਰ ਵਿੱਚ ਆਪਰੇਸ਼ਨ ਬਲੂ ਸਟਾਰ ਵੇਲੇ ਨੁਕਸਾਨਿਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ
ਜਨਤਕ ਕੀਤੇ ਗਏ ਕਾਗਜ਼ਾਂ ਦਾ ਸੰਪਾਦਨ ਹੋਇਆ ਹੈ ਪਰ ਸਰਕਾਰ ਨੇ ਇਸ ਸਬੰਧ ਵਿੱਚ ਸੂਚਨਾ ਦੇਣ ਵਾਲੇ ਵਿਭਾਗ ਦੇ ਫੈਸਲੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਅਪੀਲ ਨਹੀਂ ਕੀਤੀ ਹੈ।ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟੇਨ ਵਿੱਚ ਸਿੱਖ ਅੰਦੋਲਨਕਾਰੀਆਂ ਤੇ ਜਥੇਬੰਦੀਆਂ ਨੂੰ ਲੈ ਕੇ ਕਿਵੇਂ ਸਰਕਾਰ ਦੇ ਅੰਦਰ ਦੀ ਵਿਚਾਰਾਂ ਦਾ ਵਖਰੇਵਾਂ ਸਾਹਮਣੇ ਆਇਆ ਸੀ।ਬਰਤਾਨੀਆ ਦੇ ਤਤਕਾਲੀ ਵਿਦੇਸ਼ ਮੰਤਰੀ ਸਰ ਜੇਫਰੀ ਹੋਵ ਚਾਹੁੰਦੇ ਸਨ ਕਿ ਬ੍ਰਿਟੇਨ ਵਿੱਚ ਆਪਰੇਸ਼ਨ ਬਲੂ ਸਟਾਰ ਮਗਰੋਂ ਨਵੰਬਰ 1984 ਵਿੱਚ ਹੋਣ ਵਾਲੇ ਸਿੱਖਾਂ ਦੇ ਪ੍ਰਦਰਸ਼ਨ ‘ਤੇ ਰੋਕ ਲਗਾ ਦਿੱਤੀ ਜਾਵੇ।
ਉਨ੍ਹਾਂ ਨੇ ਤਾਂ ਇੱਥੇ ਤੱਕ ਕਿਹਾ ਸੀ ਕਿ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ‘ਵਿਦੇਸ਼ ਵਿੱਚ ਬਰਤਾਨੀਆ ਦੇ ਹਿੱਤਾਂ’ ਦਾ ਧਿਆਨ ਰੱਖਿਆ ਜਾਵੇ।
ਮਿਤੀ 21 ਨਵੰਬਰ 1984 ਦੇ ਸਰਕਾਰੀ ਦਸਤਾਵੇਜ਼ ਮੁਤਾਬਕ, ”ਸਰ ਜੇਫਰੀ ਹੋਵ ਦਾ ਮੰਨਣਾ ਸੀ ਕਿ ਮੌਜੂਦਾ ਸਮੇਂ ਵਿੱਚ ਸਿੱਖਾਂ ਦੇ ਪ੍ਰਦਰਸ਼ਨ ਦਾ ਭਾਰਤ-ਬ੍ਰਿਟੇਨ ਦੇ ਰਿਸ਼ਤੇ ਸਮੇਤ ਇਸ ਦੇਸ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਅਸਰ ਪਵੇਗਾ।”
ਇਨ੍ਹਾਂ ਦਸਤਾਵੇਜ਼ਾਂ ਮੁਤਾਬਕ ਕੈਬਨਿਟ ਦੀ ਮੀਟਿੰਗ ਵਿੱਚ ਪ੍ਰਧਾਨਮੰਤਰੀ ਨੇ ਕਿਹਾ ਸੀ ਕਿ 18 ਨਵੰਬਰ ਨੂੰ ਹੋਣ ਵਾਲੇ ਪ੍ਰਦਰਸ਼ਨਾਂ ਨੂੰ ਟਾਲਣ ਨਾਲ ਕੋਈ ਤਸੱਲੀਬਖਸ਼ ਹੱਲ ਨਹੀਂ ਲੱਭੇਗਾ।
ਇਸ ਮੁੱਦੇ ਉੱਤੇ ਗ੍ਰਹਿ ਮੰਤਰੀ ਲੀਓਨ ਬ੍ਰਿਟਨ ਦਾ ਵੱਖਰਾ ਨਜ਼ਰੀਆ ਸੀ। ਉਨ੍ਹਾਂ ਨੇ ਬ੍ਰਿਟੇਨ ਵਿੱਚ ਆਮ ਲੋਕਾਂ ਦੀ ਆਜ਼ਾਦੀ ਦੇ ਅਧਿਕਾਰ ਉੱਤੇ ਜ਼ੋਰ ਦਿੰਦੇ ਹੋਏ ਪੁਲਿਸ ਮੁਖੀ ਨੂੰ ਕਿਹਾ ਸੀ ਕਿ ਇਸ ਨਾਲ ਕਾਨੂੰਨ ਵਿਵਸਥਾ ਨੂੰ ਕੋਈ ਖ਼ਤਰਾ ਨਹੀ ਹੋ ਸਕਦਾ।26 ਨਵੰਬਰ 1984 ਦੇ ਦਸਤਾਵੇਜ਼ਾ ਮੁਤਾਬਕ ਲੀਓਨ ਬ੍ਰਿਟਨ ਨੇ ਕਿਹਾ ਸੀ, ”ਭਾਰਤ ਦੀਆਂ ਭਾਵਨਾਵਾਂ ਦਾ ਅਜਿਹੇ ਮੁੱਦਿਆਂ ਉੱਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਪਰ ਇਸ ਮੁਲਕ ਵਿੱਚ ਜੋ ਵੀ ਗਤੀਵਿਧੀਆਂ ਹੋਣਗੀਆਂ ਉਨ੍ਹਾਂ ਪ੍ਰਤੀ ਇੱਥੇ ਦੀ ਸਰਕਾਰ ਅਤੇ ਕਾਨੂੰਨ ਨੂੰ ਨਜਿੱਠਣਾ ਚਾਹੀਦਾ ਹੈ।”
ਪਿਛਲੇ ਮਹੀਨੇ ਲੰਡਨ ਦੀ ਇੱਕ ਅਦਾਲਤ ਨੇ ਬ੍ਰਿਟੇਨ ਦੀ ਸਰਕਾਰ ਨੂੰ ਆਪਰੇਸ਼ਨ ਬਲੂ ਸਟਾਰ ਨਾਲ ਜੁੜੇ ਦਸਤਾਵੇਜ਼ ਜਨਤਕ ਕਰਨ ਦੇ ਹੁਕਮ ਦਿੱਤੇ ਸਨ।

Be the first to comment

Leave a Reply