ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਕਸ਼ਮੀਰ ਦਾ ਮੁੱਦਾ ਛਾਇਆ

ਨਵੀਂ ਦਿੱਲੀ,- ਜੰਮੂ ਕਸ਼ਮੀਰ ਬਾਰੇ ਭਾਰਤ ਸਰਕਾਰ ਦੇ ਫੈਸਲੇ ਦੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਅੰਤਰਰਾਸ਼ਟਰੀ ਮੀਡੀਆ ਦੇ ਕਈ ਪ੍ਰਮੁੱਖ ਅਖਬਾਰਾਂ ਅਤੇ ਟੀ ਵੀ ਚੈਨਲਾਂ ਨੇ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਅਤੇ ਇਸ ਬਾਰੇ ਚਰਚਾ ਕੀਤੀ ਦੱਸੀ ਜਾਂਦੀ ਹੈ।

ਅਮਰੀਕਾ ਦੇ ਚਰਚਿਤ ਅਖਬਾਰ ਦਿ ਨਿਊ ਯਾਰਕ ਟਾਈਮਜ਼ ਨੇ ਧਾਰਾ 370 ਹਟਣ ਅਤੇ ਕਸ਼ਮੀਰ ਵਿੱਚ ਫੌਜ ਦੀ ਤੈਨਾਤੀ ਬਾਰੇ ਖਬਰ ਦਿੱਤੀ ਹੈ ਅਤੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਧਾਰਾ 370 ਹਟਾਉਣ ਦਾ ਮੁੱਦਾ ਪਿਛਲੀਆਂ ਆਮ ਚੋਣਾਂ ਦੇ ਆਪਣੇ ਐਲਾਨ ਪੱਤਰ ਵਿੱਚ ਸ਼ਾਮਲ ਕੀਤਾ ਸੀ। ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਧਾਰਾ 370 ਹਟਣ ਦੇ ਬਾਅਦ ਜੰਮੂ ਕਸ਼ਮੀਰ ਵਿੱਚ ਅਸਥਿਰਤਾ ਵਧਣ ਦਾ ਸ਼ੱਕ ਜ਼ਾਹਰ ਕੀਤਾ ਹੈ। ਨਿਊ ਯਾਰਕ ਦੇ ਰਾਜਨੀਤਕ ਮਾਹਰ ਅੰਕਿਤ ਪਾਂਡਾ ਦੇ ਹਵਾਲੇ ਨਾਲ ਵਾਸ਼ਿੰਗਟਨ ਪੋਸਟ ਨੇ ਕਿਹਾ, ਇਹ ਅਨੁਮਾਨ ਲਾਉਣਾ ਕਠਿਨ ਹੈ ਕਿ ਇਸ ਫੈਸਲੇ ਦਾ ਨਤੀਜਾ ਅੱਗੇ ਕੀ ਹੋਣ ਵਾਲਾ ਹੈ। ਬ੍ਰਿਟੇਨ ਦੇ ਪ੍ਰਮੁੱਖ ਅਖਬਾਰ ਦਿ ਗਾਰਡੀਅਨ ਨੇ ਲਿਖਿਆ ਕਿ ਭਾਜਪਾ ਲੰਬੇ ਸਮੇਂ ਤੋਂ ਧਾਰਾ 370 ਹਟਾਉਣ ਦੀ ਮੰਗ ਕਰਦੀ ਰਹੀ ਹੈ, ਪਰ ਪਹਿਲੀ ਵਾਰ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕਿਆ ਗਿਆ ਹੈ। ਇਹ ਫੈਸਲਾ ਭਵਿੱਖ ਵਿੱਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਵਿਰਾਸਤ ਦਾ ਪ੍ਰਤੀਕ ਬਣ ਸਕਦਾ ਹੈ। ਇਸ ਮੌਕੇ ਅਖਬਾਰ ਨੇ ਫੈਸਲੇ ‘ਤੇ ਪਾਕਿਸਤਾਨ ਵੱਲੋਂ ਪੁਰਜ਼ੋਰ ਵਿਰੋਧ ਹੋਣ ਦੀ ਵੀ ਗੱਲ ਕੀਤੀ ਹੈ। ਕਤਰ ਦੇ ਟੀ ਵੀ ਚੈਨਲ ਅਲ ਜ਼ਜੀਰਾ ਨੇ ਵੀ ਆਪਣੀ ਵੈੱਬਸਾਈਟ ਉਤੇ ਧਾਰਾ 370 ਦੇ ਹਟਣ ਨਾਲ ਜੁੜੀਆਂ ਕਈ ਖਬਰਾਂ ਨੂੰ ਜਗ੍ਹਾ ਦਿੱਤੀ ਅਤੇ ਆਪਣੀ ਰਿਪੋਰਟ ਵਿੱਚ ਭਾਰਤ ਸਰਕਾਰ ਦੇ ਫੈਸਲੇ ਦਾ ਸਮਰਥਨ ਅਤੇ ਉਸ ਦੇ ਵਿਰੁੱਧ ਵਿੱਚ ਖੜ੍ਹੇ ਪ੍ਰਮੁੱਖ ਨੇਤਾਵਾਂ ਦੇ ਬਿਆਨਾਂ ਨੂੰ ਸ਼ਾਮਲ ਕੀਤਾ ਹੈ। ਪਾਕਿਸਤਾਨੀ ਅਖਬਾਰ ਡਾਨ ਦੀ ਵੈੱਬਸਾਈਟ ਵੀ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਜੁੜੀਆਂ ਖਬਰਾਂ ਦੇ ਨਾਲ ਭਰੀ ਹੋਈ ਹੈ। ਉਸ ਨੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ ਡੀ ਪੀ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਦੇ ਨਾਲ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਦੇ ਬਿਆਨਾਂ ਨੂੰ ਪਹਿਲ ਦਿੱਤੀ ਹੈ। ਇਸ ਦੇ ਇਲਾਵਾ ਜੰਮੂ ਕਸ਼ਮੀਰ ਤੋਂ ਧਾਰਾ 370 ਹਟਣ ਦੇ ਮਾਇਨੇ ਕੀ ਹਨ, ਇਸ ਬਾਰੇ ਵੀ ਰਿਪੋਰਟ ਦਿੱਤੀ ਗਈ ਹੈ।

Be the first to comment

Leave a Reply