ਅਸਾਮ ‘ਚ ਸਿੱਖ ਵਿਅਕਤੀ ਦੇ ਕੇਸਾਂ ਨੂੰ ਅੱਗ ‘ਚ ਸਾੜਨ ਦੀ ਕੋਸ਼ਿਸ਼

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਭੀੜ ਵੱਲੋਂ ਇੱਕ ਸਿੱਖ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ। ਇਹੀ ਨਹੀਂ, ਇਸ ਦੌਰਾਨ ਸਿੱਖ ਵਿਅਕਤੀ ਨੂੰ ਜਿੱਥੇ ਕੇਸਾਂ ਤੋਂ ਫੜ ਕੇ ਘੜੀਸਿਆ ਜਾ ਰਿਹਾ ਹੈ, ਉਥੇ ਹੀ ਉਸ ਦੇ ਸਿਰ ਨੂੰ ਅੱਗ ਵਿਚ ਧੱਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਵਾਇਰਲ ਹੋ ਰਹੀ ਇਹ ਮੰਦਭਾਗੀ ਘਟਨਾ ਅਸਾਮ ਦੇ ਕਾਮਰਾਜ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਮੂਹ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿੱਥੇ ਪੂਰੀ ਦੁਨੀਆ ਵਿਚ ਸਿੱਖਾਂ ਦੀ ਸਰਦਾਰੀ ਕਾਇਮ ਹੈ ਅਤੇ ਸਿੱਖ ਕੌਮ ਦੇ ਲੋਕ ਭਲਾਈ ਕਾਰਜਾਂ ਦੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਕਿਸੇ ਸਿੱਖ ਵਿਅਕਤੀ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੇ ਜਾਣ ਦਾ ਮਾਮਲਾ ਹਿਰਦਿਆਂ ਨੂੰ ਵਲੂੰਧਨ ਵਾਲਾ ਹੈ। ਵੀਡੀਓ ਵਿਚ ਸਿੱਖ ਵਿਅਕਤੀ ਦੇ ਕੇਸਾਂ ਨੂੰ ਜਲਾਉਣ ਦੀ ਕੋਸ਼ਿਸ਼ ਕਰਨਾ ਇਸ ਘਟਨਾ ਦੇ ਪਿੱਛੇ ਕਿਸੇ ਕਥਿਤ ਸਾਜਿਸ਼ ਨੂੰ ਦਰਸਾਉਂਦਾ ਹੈ। ਕਿਉਂਕਿ ਸਿੱਖਾਂ ਦੇ ਕੇਸ ਸਿੱਖੀ ਦਾ ਅਹਿਮ ਪ੍ਰਤੀਕ ਹਨ।
ਇਸ ਮਾਮਲੇ ‘ਤੇ ਬੋਲਦਿਆਂ ਦਿੱਲੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਅਫਸੋਸ ਦੀ ਗੱਲ ਹੈ ਕਿ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਅਜਿਹੇ ਮੁੱਦਿਆਂ ‘ਤੇ ਚੁੱਪ ਹਨ। ਘੱਟ ਗਿਣਤੀਆਂ ਨਾਲ ਸਬੰਧਤ ਕਿਸੇ ਲਾਚਾਰ ਵਿਅਕਤੀ ਦੀ ਕੁੱਟਮਾਰ ਕਰਨੀ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਇਸ ਮੰਦਭਾਗੀ ਘਟਨਾ ਦੀ ਆਲੋਚਨਾ ਕਰਦਿਆਂ ਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੇ ਮੁਲਜ਼ਮਾਂ ‘ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ।
ਅਫਸੋਸ ਦੀ ਗੱਲ ਹੈ ਕਿ ਜਿੱਥੇ ਵਿਦੇਸ਼ਾਂ ਦੀ ਧਰਤੀ ‘ਤੇ ਘੱਟ ਗਿਣਤੀ ਸਿੱਖਾਂ ਨੂੰ ਇੰਨਾ ਮਾਣ ਦਿੱਤਾ ਜਾ ਰਿਹਾ ਹੈ, ਉੱਥੇ ਉਨ੍ਹਾਂ ਦੇ ਆਪਣੇ ਦੇਸ਼ ਵਿਚ ਇਸ ਤਰ੍ਹਾਂ ਦੀ ਘਟਨਾ ਦਾ ਸਾਹਮਣੇ ਆਉਣਾ ਬੇਹੱਦ ਮੰਦਭਾਗਾ ਹੈ। ਭਾਰਤ ਵਿਚ ਹਮੇਸ਼ਾ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਇਸ ਮੰਦਭਾਗੀ ਘਟਨਾ ਦੇ ਪਿੱਛੇ ਦਾ ਮੰਤਵ ਕੀ ਹੈ, ਇਸ ਨੂੰ ਜਾਣਨ ਲਈ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

Be the first to comment

Leave a Reply