ਅਮਰੀਕਾ ਵਿਚ ਖੁੱਸ ਸਕਦੀ ਹੈ ਪਰਵਾਸੀਆਂ ਦੇ ਬੱਚਿਆਂ ਦੀ ਨਾਗਰਿਕਤਾ

ਅਮਰੀਕਾ ਵਿਚ ਪਰਵਾਸੀਆਂ ਦੇ ਬੱਚਿਆਂ ਤੋਂ ਨਾਗਰਿਕਤਾ ਦਾ ਹੱਕ ਖੋਹਣ ਦੀ ਤਿਆਰੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇਸ਼ ਵਿਚ ਪਰਵਾਸੀਆਂ ਦੀ ਵਧਦੀ ਆਬਾਦੀ ਨੂੰ ਕਾਬੂ ਕਰਨ ਲਈ ਵੱਡਾ ਫੈਸਲਾ ਲੈਣ ਦੀ ਤਿਆਰੀ ਕਰ ਰਹੇ ਹਨ। ਦਰਅਸਲ, ਟਰੰਪ ਅਮਰੀਕਾ ਵਿਚ ਗੈਰ ਨਾਗਰਿਕਾਂ ਤੇ ਗੈਰ ਕਾਨੂੰਨੀ ਪਰਵਾਸੀਆਂ ਦੇ ਬੱਚਿਆਂ ਨੂੰ ਨਾਗਰਿਕਤਾ ਤੋਂ ਮਹਿਰੂਮ ਰੱਖਣ ਲਈ ਐਗਜ਼ੀਕਿਊਟਿਵ ਆਰਡਰ ਲਿਆਉਣ ਉਤੇ ਵਿਚਾਰ ਕਰ ਰਹੇ ਹਨ। ਮੌਜੂਦਾ ਕਾਨੂੰਨ ਤਹਿਤ ਅਮਰੀਕਾ ਵਿਚ ਜੰਮਿਆਂ ਕੋਈ ਵੀ ਬੱਚਾ, ਭਾਵੇਂ ਉਹ ਗੈਰ ਨਾਗਰਿਕ ਦਾ ਹੋਵੇ ਜਾਂ ਗੈਰ ਕਾਨੂੰਨੀ ਪਰਵਾਸੀ ਦਾ ਹੋਵੇ, ਦੇਸ਼ ਦਾ ਨਾਗਰਿਕ ਬਣ ਸਕਦਾ ਹੈ। ਜੇਕਰ ਟਰੰਪ ਇਹ ਕਾਨੂੰਨ ਰੱਦ ਕਰ ਦਿੰਦਾ ਹੈ ਤਾਂ ਇਸ ਦਾ ਅਸਰ ਹਜ਼ਾਰਾਂ ਭਾਰਤੀਆਂ ਉਤੇ ਪਵੇਗਾ। ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਜਿਹਾ ਦੇਸ਼ ਹੈ, ਜਿਥੇ ਲੋਕ ਆਉਂਦੇ ਹਨ ਤੇ ਬੱਚੇ ਪੈਦਾ ਕਰਦੇ ਹਨ ਤੇ ਸਾਰੀਆਂ ਸਹੂਲਤਾਂ ਨਾਲ 85 ਸਾਲ ਲਈ ਅਮਰੀਕਾ ਦੇ ਸ਼ਰਤੀਆ ਨਾਗਰਿਕ ਬਣ ਜਾਂਦੇ ਹਨ। ਇਸ ਲਈ ਇਹ ਸਭ ਕਾਫੀ ਨੁਕਸਾਨਦਾਇਕ ਹੈ ਤੇ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਟਰੰਪ ਨੇ ਸੰਵਿਧਾਨ ਦੀ 14ਵੀਂ ਸੋਧ ਰਾਹੀਂ ਲਿਆਂਦੇ ਗਏ ਬਰਥ ਰਾਈਟ ਸਿਟੀਜ਼ਨਸ਼ਿਪ ਕਾਨੂੰਨ ਰੱਦ ਕਰਨ ਦੇ ਸੰਕੇਤ ਦਿੱਤੇ ਹਨ। ਜੇਕਰ ਅਜਿਹਾ ਹੋਇਆ ਤਾਂ ਇਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾ ਸਕਦੀ ਹੈ ਤੇ ਕਾਂਗਰਸ ਵਿਚ ਇਸ ਦਾ ਜ਼ਬਰਦਸਤ ਵਿਰੋਧ ਹੋ ਸਕਦਾ ਹੈ।

Be the first to comment

Leave a Reply