ਅਮਰੀਕਾ ਨਾਲ ਨਾ ਤਾਂ ਕੋਈ ਜੰਗ ਹੋਵੇਗੀ ਤੇ ਨਾ ਹੀ ਗੱਲਬਾਤ – ਅਯਾਤੁੱਲਾ ਅਲੀ ਖਾਮੇਨੀ

ਤਹਿਰਾਨ :-ਈਰਾਨ ਦੇ ਸਰਵ ਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੀ ਨੇ ਐਤਵਾਰ ਨੂੰ ਆਖਿਆ ਕਿ ਅਮਰੀਕਾ ਨਾਲ ਨਾ ਤਾਂ ਕੋਈ ਜੰਗ ਹੋਵੇਗੀ ਅਤੇ ਨਾ ਹੀ ਕੋਈ ਗੱਲਬਾਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਦੇਸ਼ ਦੀਆਂ ਸਮੱਸਿਆਵਾਂ ਦਾ ਕਾਰਨ ਨਵੀਆਂ ਪਾਬੰਦੀਆਂ ਤੋਂ ਜ਼ਿਆਦਾ ਮਾੜੇ ਸਰਕਾਰੀ ਪ੍ਰਬੰਧ ਹਨ। ਉਨ੍ਹਾਂ ਦੀ ਇਸ ਟਿੱਪਣੀ ਨਾਲ ਰਾਸ਼ਟਰਪਤੀ ਹਸਨ ਰੂਹਾਨੀ ‘ਤੇ ਦਬਾਅ ਵੱਧ ਗਿਆ ਹੈ। ਉਹ ਪਹਿਲਾਂ ਹੀ ਈਰਾਨ ਦੀ ਕਰੰਸੀ ਕਮਜ਼ੋਰ ਹੋਣ, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਲੈ ਕੇ ਵਿਆਪਕ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੇ ਹਨ। ਉਹ ਅਮਰੀਕਾ ਨਾਲ ਗੱਲਬਾਤ ਦੀ ਸੰਭਾਵਨਾ ਨੂੰ ਖਾਰਿਜ ਕਰਦੇ ਹੋਏ ਪ੍ਰਤੀਤ ਹੋਏ । ਉਨ੍ਹਾਂ ਨੇ ਟਵਿੱਟਰ ‘ਤੇ ਅੰਗ੍ਰੇਜ਼ੀ ‘ਚ ਲਿੱਖਿਆ ਕਿ ਹਾਲ ਹੀ ‘ਚ ਅਮਰੀਕੀ ਅਧਿਕਾਰੀ ਪਾਬੰਦੀਆਂ ਤੋਂ ਇਲਾਵਾ ਜੰਗ ਅਤੇ ਗੱਲਬਾਤ ਹੋਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਨੇ ਆਖਿਆ, ‘ਇਸ ਸੰਬੰਧ ‘ਚ ਮੈਂ ਲੋਕਾਂ ਨੂੰ ਕੁਝ ਸ਼ਬਦ ਕਹਾਂਗਾ, ਕੋਈ ਜੰਗ ਨਹੀਂ ਹੋਵੇਗੀ ਅਤੇ ਨਾ ਹੀ ਅਸੀਂ ਅਮਰੀਕਾ ਨਾਲ ਕੋਈ ਗੱਲਬਾਤ ਕਰਾਂਗੇ।’ ਇਸ ਸੰਬੰਧ ‘ਚ ਵੱਖ-ਵੱਖ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਕੀ ਈਰਾਨ ਨੂੰ ਗੱਲਬਾਤ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ। ਪਰ ਈਰਾਨ ਨੇ ਨਵੇਂ ਸਿਰੇ ਤੋਂ ਗੱਲਬਾਤ ਨੂੰ ਖਾਰਿਜ ਕਰ ਦਿੱਤਾ ਹੈ। ਈਰਾਨ ਦਾ ਕਹਿਣਾ ਹੈ ਕਿ ਪ੍ਰਮਾਣੂ ਸੌਦੇ ਦੇ ਤਹਿਤ ਵਚਨਬੱਧਤਾ ਦਾ ਉਲੰਘਣ ਕਰਨ ਤੋਂ ਬਾਅਦ ਅਮਰੀਕਾ ‘ਤੇ ਹੁਣ ਭਰੋਸਾ ਨਹੀਂ ਕੀਤਾ ਜਾ ਸਕਦਾ। ਖਾਮੇਨੀ ਨੇ ਆਖਿਆ ਕਿ ਉਨ੍ਹਾਂ ਪਾਬੰਦੀਆਂ ਦਾ ਕੋਈ ਅਸਰ ਨਹੀਂ ਹੈ ਬਲਕਿ ਮੁੱਖ ਕਾਰਣ ਇਹ ਹੈ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ।

Be the first to comment

Leave a Reply