ਅਮਰੀਕਾ ਦੇ 140 ਸ਼ਹਿਰਾਂ ‘ਚ ਹਿੰਸਕ ਰੋਸ ਪ੍ਰਦਰਸ਼ਨ ਜਾਰੀ, ਟਰੰਪ ਨੇ ਫ਼ੌਜ ਬੁਲਾਉਣ ਦੀ ਦਿੱਤੀ ਧਮਕੀ

ਦੂਜੇ ਪਾਸੇ ਵ੍ਹਾਈਟ ਹਾਊਸ ਦੇ ਨੇੜੇ ਪ੍ਰਦਰਸ਼ਨਾਂ ਨੂੰ ਵਧਦੇ ਵੇਖ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਪ੍ਰਦਰਸ਼ਨਕਾਰੀ ਨਾ ਮੰਨੇ ਤਾਂ ਉਹ ਫ਼ੌਜ ਬੁਲਾਉਣ ਤੋਂ ਪਿੱਛੇ ਨਹੀਂ ਹਟਣਗੇ। ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਨੇੜੇ ਉਸ ਚਰਚ ਦਾ ਦੌਰਾ ਕੀਤਾ, ਜਿਸ ਨੂੰ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਸਾੜ ਦਿੱਤਾ ਸੀ।

ਮਿਨੀਸੋਟਾ ਤੋਂ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਹੁਣ ਇੰਨਾ ਭਿਆਨਕ ਹੋ ਗਿਆ ਹੈ ਕਿ ਇਸ ਦੇ ਕਾਰਨ 21 ਸ਼ਹਿਰਾਂ ‘ਚ ਨੈਸ਼ਨਲ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸੋਮਵਾਰ ਨੂੰ ਟਰੰਪ ਨੇ ਸੂਬਿਆਂ ਦੇ ਰਾਜਪਾਲ ਨਾਲ ਇੱਕ ਮੀਟਿੰਗ ਕੀਤੀ, ਜਿਸ ‘ਚ ਉਹ ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਵਿਰੁੱਧ ਸਖ਼ਤ ਕਦਮ ਚੁੱਕਣ ਲਈ ਕਹਿੰਦੇ ਨਜ਼ਰ ਆਏ।

ਟਰੰਪ ਨੇ ਕਿਹਾ, “ਵਾਸ਼ਿੰਗਟਨ ‘ਚ ਕੱਲ ਰਾਤ ਜੋ ਹੋਇਆ ਉਹ ਸ਼ਰਮਨਾਕ ਹੈ। ਮੈਂ ਹਰ ਥਾਂ ਹਜ਼ਾਰਾਂ ਹਥਿਆਰਬੰਦ ਸੈਨਿਕਾਂ ਨੂੰ ਤਾਇਨਾਤ ਕਰ ਰਿਹਾ ਹਾਂ। ਫ਼ੌਜ, ਨੈਸ਼ਨਲ ਗਾਰਡ ਤੇ ਪੁਲਿਸ ਹੁਣ ਉਨ੍ਹਾਂ ਲੋਕਾਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਗੇ, ਜੋ ਦੰਗੇ, ਲੁੱਟ ਤੇ ਭੰਨਤੋੜ ਕਰ ਰਹੇ ਹਨ। ਟਰੰਪ ਨੇ ਇਸ ਪ੍ਰਦਰਸ਼ਨ ਨੂੰ ‘ਘਰੇਲੂ ਅੱਤਵਾਦ’ ਕਰਾਰ ਦਿੱਤਾ ਹੈ।” ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਇਹ ਪ੍ਰਦਰਸ਼ਨ ਬੰਦ ਨਾ ਹੋਏ ਤਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨਾਂ ਤਹਿਤ ਮੁਕੱਦਮਾ ਚਲਾਇਆ ਜਾਵੇਗਾ ਅਤੇ ਭਾਰੀ ਜੁਰਮਾਨੇ ਤੇ ਲੰਮੀ ਸਜ਼ਾ ਵੀ ਭੁਗਤਣੀ ਪਵੇਗੀ।

ਪੁਲਿਸ ਮੁਲਾਜ਼ਮ ਨੇ 9 ਮਿੰਟ ਤਕ ਗੋਡੇ ਨਾਲ ਦਬਾਈ ਸੀ ਜਾਰਜ ਦੀ ਗਰਦਨ
ਦੂਜੇ ਪਾਸੇ, ਜਾਰਜ ਫ਼ਲੋਇਡ ਦੇ ਪੋਸਟਮਾਰਟਮ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪੁਲਿਸ ਮੁਲਾਜ਼ਮ ਨੇ ਉਸ ਦੀ ਗਰਦਨ ਨੂੰ ਗੋਡੇ ਨਾਲ 9 ਮਿੰਟ ਤੋਂ ਵੱਧ ਸਮੇਂ ਤਕ ਦਬਾ ਕੇ ਰੱਖਿਆ। ਇਸ ਦੌਰਾਨ ਜਾਰਜ ਕਹਿੰਦਾ ਰਿਹਾ “ਮੈਂ ਸਾਹ ਨਹੀਂ ਲੈ ਪਾ ਰਿਹਾ” ਪਰ ਪੁਲਿਸ ਵਾਲਿਆਂ ਨੇ ਉਸ ਨੂੰ ਸੁਣਨ ਦੀ ਬਜਾਏ ਬੇਰਹਿਮੀ ਨਾਲ ਮਾਰਕੁੱਟ ਕੀਤੀ। ਜਾਰਜ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋਈ ਅਤੇ ਉਸ ਦੀ ਗਰਦਨ ‘ਤੇ ਵੀ ਗੋਡੇ ਨਾਲ ਦਬਾਉਣ ਦੇ ਨਿਸ਼ਾਨ ਮਿਲੇ ਹਨ। ਦੱਸ ਦੇਈਏ ਕਿ ਅਮਰੀਕਾ ‘ਚ ਕੋਰੋਨਾ ਦੀ ਲਾਗ ਕਾਰਨ ਲਗਾਏ ਲੌਕਡਾਊਨ ਤੋਂ ਬਾਅਦ ਹੁਣ ਤਕ ਤਿੰਨ ਗ਼ੈਰ-ਗੋਰੇ ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਦੀ ਹੱਤਿਆ ਤਾਂ ਪੁਲਿਸ ਨੇ ਹੀ ਕੀਤੀ, ਜਦਕਿ ਇੱਕ ਦੀ ਹੱਤਿਆ ‘ਚ ਦੋ ਗੋਰੇ ਨਾਗਰਿਕ ਸ਼ਾਮਲ ਪਾਏ ਗਏ ਹਨ।

ਅਮਰੀਕਾ ਐਂਟੀਫਾ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰੇਗਾ: ਟਰੰਪ
ਟਰੰਪ ਨੇ ਕਿਹਾ ਹੈ ਕਿ ਮਿਨੀਸੋਟਾ ਵਿੱਚ ਇੱਕ ਚਿੱਟੇ ਪੁਲਿਸ ਅਧਿਕਾਰੀ ਦੁਆਰਾ ਇੱਕ ਕਾਲੇ ਵਿਅਕਤੀ ਦੀ ਹੱਤਿਆ ਤੋਂ ਬਾਅਦ, ਦੇਸ਼ ਭਰ ਵਿੱਚ ਭੜਕੀ ਹਿੰਸਾ ਵਿੱਚ ਆਪਣੀ ਭੂਮਿਕਾ ਲਈ ਅਮਰੀਕਾ ਖੱਬੇਪੱਖੀ ਸਮੂਹ ‘ਐਂਟੀਫਾ’ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕਰੇਗਾ। ਐਂਟੀਫਾ ਨੂੰ ਇੱਕ ਖੱਬੀ ਰਾਜਨੀਤੀ ਨਾਲ ਜੁੜੀ ਸੰਸਥਾ, ਯੂਐਸ ਵਿੱਚ ਇੱਕ ਫਾਸੀਵਾਦੀ ਲਹਿਰ ਵਜੋਂ ਜਾਣਿਆ ਜਾਂਦਾ ਹੈ. ਟਰੰਪ ਨੇ ਐਤਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਅਮਰੀਕਾ ਐਂਟੀਫਾ ਨੂੰ ਅੱਤਵਾਦੀ ਸੰਗਠਨ ਐਲਾਨ ਕਰੇਗਾ।” ਮਿਨੀਏਪੋਲਿਸ ਵਿਚ ਜਾਰਜ ਫਲਾਈਡ ਦੀ ਮੌਤ ਤੋਂ ਬਾਅਦ, ਟਰੰਪ ਪ੍ਰਸ਼ਾਸਨ ਨੇ ਖੱਬੇਪੱਖੀ ਅੱਤਵਾਦੀ ਸਮੂਹ ‘ਤੇ ਅਚਾਨਕ ਦੇਸ਼ ਭਰ ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਕਰਨ ਦਾ ਦੋਸ਼ ਲਗਾਇਆ ਹੈ।

ਜਾਰਜ ਫਲੋਇਡ ਨੂੰ 26 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ
26 ਮਈ ਨੂੰ ਜਾਰਜ ਫਲੋਇਡ ਨੂੰ ਮਿਨੀਪੋਲਿਸ ‘ਚ ਧੋਖਾਧੜੀ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਇੱਕ ਪੁਲਿਸ ਅਧਿਕਾਰੀ ਨੇ ਫਲੋਇਡ ਨੂੰ ਸੜਕ ‘ਤੇ ਫੜ ਲਿਆ ਅਤੇ ਲਗਭਗ 8 ਮਿੰਟ ਤਕ ਉਸ ਦੀ ਗਰਦਨ ਨੂੰ ਗੋਡੇ ਨਾਲ ਦੱਬ ਕੇ ਰੱਖਿਆ। ਫਲੋਇਡ ਦੇ ਹੱਥਾਂ ‘ਚ ਹੱਥਕੜੀਆਂ ਸਨ। ਇਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ ‘ਚ 40 ਸਾਲਾ ਜਾਰਜ ਲਗਾਤਾਰ ਪੁਲਿਸ ਅਧਿਕਾਰੀ ਨੂੰ ਆਪਣੇ ਗੋਡੇ ਹਟਾਉਣ ਲਈ ਬੇਨਤੀ ਕਰਦਾ ਰਿਹਾ। ਉਸ ਨੇ ਕਿਹਾ, “ਤੁਹਾਡਾ ਗੋਡਾ ਮੇਰੇ ਗਲੇ ‘ਤੇ ਹੈ। ਮੈਂ ਸਾਹ ਨਹੀਂ ਲੈ ਸਕਦਾ….।” ਹੌਲੀ-ਹੌਲੀ ਉਸ ਦੀ ਹਰਕਤ ਰੁਕ ਜਾਂਦੀ ਹੈ। ਇਸ ਤੋਂ ਬਾਅਦ ਅਧਿਕਾਰੀ ਕਹਿੰਦਾ ਹੈ, “ਉਠੋ ਤੇ ਕਾਰ ‘ਚ ਬੈਠੋ।” ਉਦੋਂ ਵੀ ਉਸ ਦੀ ਕੋਈ ਹਿਲਜੁਲ ਨਹੀਂ ਹੁੰਦੀ। ਇਸ ਦੌਰਾਨ ਆਸਪਾਸ ਕਾਫ਼ੀ ਭੀੜ ਜਮਾਂ ਹੋ ਜਾਂਦੀ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਉਸ ਦੀ ਮੌਤ ਹੋ ਗਈ।

Be the first to comment

Leave a Reply