ਅਮਰੀਕਾ ‘ਚ ਸਿੱਖ ਦੇ ਗੈਸ ਸਟੇਸ਼ਨ ਦੀ ਭੰਨ-ਤੋੜ ਅਤੇ ਨਸਲੀ ਟਿੱਪਣੀਆਂ ਲਿਖੀਆਂ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੇਂਟਕੀ ‘ਚ ਇਕ ਨਕਾਬਪੋਸ਼ ਵਿਅਕਤੀ ਨੇ ਇਕ ਸਿੱਖ ਦੇ ਗੈਸ ਸਟੇਸ਼ਨ ‘ਤੇ ਨਸਲੀ ਤੇ ਭੱਦੀਆਂ ਟਿੱਪਣੀਆਂ ਕਰਦੇ ਹੋਏ ਭੰਨ-ਤੋੜ ਕੀਤੀ। ਗ੍ਰੀਨਅਪ ਕਾਊਂਟੀ ਸਥਿਤ ਸਟੇਸ਼ਨ ‘ਤੇ ਇਹ ਹਮਲਾ ਪਿਛਲੇ ਹਫ਼ਤੇ ਕੀਤਾ ਗਿਆ ਸੀ। ਇਸ ਨਾਲ ਭਾਈਚਾਰੇ ਦੇ ਲੋਕਾਂ ‘ਚ ਸਹਿਮ ਬਣਿਆ ਹੋਇਆ ਹੈ। ਸਥਾਨਕ ਡਬਲਯੂ. ਐਸ. ਏ. ਜ਼ੈੱਡ ਟੀਵੀ ਨੇ ਦੱਸਿਆ ਕਿ ਹਮਲਾਵਰ ਨੇ ਉਥੇ ਸਪਰੇਅ ਨਾਲ ਕੁਝ ਇਤਰਾਜ਼ਯੋਗ ਸ਼ਬਦ ਲਿਖੇ ਅਤੇ ਚਿੰਨ੍ਹ ਵੀ ਬਣਾਏ। ਸਟੋਰ ਦੇ ਮਾਲਕ ਗੈਰੀ ਸਿੰਘ ਨੇ ਕਿਹਾ ਕਿ ਉਹ ਘਟਨਾ ਨਾਲ ਸਦਮੇ ‘ਚ ਹਨ। ਕੇਂਟਕੀ ਸਟੇਟ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟੀ. ਵੀ. ਚੈਨਲ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ਼ ‘ਚ ਨਕਾਬ ਪਹਿਨੇ ਇਕ ਵਿਅਕਤੀ ਰਾਤ ਕਰੀਬ ਸਾਢੇ 11 ਵਜੇ ਸਟੋਰ ਵੱਲ ਆਉਂਦਾ ਨਜ਼ਰ ਆ ਰਿਹਾ ਹੈ। ਗੈਰੀ ਸਿੰਘ ਨੇ ਕਿਹਾ ਕਿ ਉਹ ਕਾਫ਼ੀ ਡਰੇ ਹੋਏ ਹਨ। ਉਨ੍ਹਾਂ ਨਾਲ ਚਾਰ ਸਾਲਾਂ ‘ਚ ਪਹਿਲੀ ਵਾਰ ਅਜਿਹੀ ਘਟਨਾ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਥੇ ਭਾਈਚਾਰੇ ਨਾਲ ਕਦੇ ਕੁਝ ਗ਼ਲਤ ਨਹੀਂ ਕੀਤਾ। ਉਨ੍ਹਾਂ ਹਮੇਸ਼ਾ ਭਾਈਚਾਰੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਥਾਨਕ ‘ਡੇਲੀ ਮੇਲ’ ਅਨੁਸਾਰ ਉਥੇ ਕਈ ਹੋਰ ਅਸ਼ਲੀਲ ਪੱਤਰ ਵੀ ਮਿਲੇ ਹਨ, ਜਿਨ੍ਹਾਂ ‘ਚ ਸਟੋਰ ਖ਼ਾਲੀ ਕਰਨ ਦੀ ਗੱਲ ਕਹੀ ਗਈ ਹੈ। ਗੈਰੀ ਸਿੰਘ ਨੇ ਕਿਹਾ ਕਿ ਉਹ 1990 ‘ਚ ਆਪਣੇ ਸੁਪਨੇ ਪੂਰੇ ਕਰਨ ਲਈ ਅਮਰੀਕਾ ਆਏ ਸਨ ਪਰ ਜੋ ਉਨ੍ਹਾਂ ਦੇ ਸਟੋਰ ‘ਤੇ ਹੋਇਆ ਉਹ ਕਿਸੇ ਬੁਰੇ ਸੁਪਨੇ ਤੋਂ ਜ਼ਿਆਦਾ ਹੈ। ਕੇਂਟਕੀ ਪੁਲਿਸ ਨੇ ਕਿਹਾ ਕਿ ਉਹ ਇਕ ਅਪਰਾਧਿਕ ਸ਼ਰਾਰਤ ਦੇ ਤੌਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਦੋਸ਼ੀਆਂ ਖ਼ਿਲਾਫ਼ ਨਫ਼ਰਤੀ ਅਪਰਾਧ ਦਾ ਮਾਮਲਾ ਚਲਾਉਣ ਲਈ ਉਸ ਨੇ ਕਾਊਂਟੀ ਇਸਤਗਾਸਾ ਧਿਰ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਗਾਹਕਾਂ ਨੂੰ ਉਮੀਦ ਹੈ ਕਿ ਇਸ ਘਟਨਾ ਦਾ ਉਨ੍ਹਾਂ ਦੇ ਭਾਈਚਾਰੇ ‘ਤੇ ਕੋਈ ਅਸਰ ਨਹੀਂ ਪਵੇਗਾ। ਗੈਰੀ ਸਿੰਘ ਨਫ਼ਰਤੀ ਟਿੱਪਣੀਆਂ ਦੇ ਬਾਅਦ ਵੀ ਹਮਲਾਵਰ ਨੂੰ ਮੁਆਫ਼ ਕਰਨ ਲਈ ਤਿਆਰ ਹੈ ਅਤੇ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਉਹ ਦੁਬਾਰਾ ਹਮਲਾ ਨਹੀਂ ਕਰਨਗੇ।

Be the first to comment

Leave a Reply