ਅਮਰੀਕਾ ‘ਚ ਸਥਾਪਿਤ ਕੀਤੀ ਗਈ ਭਾਰਤੀ ਫੌਜ ਵੱਲੋਂ ਸਿੱਖਾਂ ‘ਤੇ ਕੀਤੇ ਹਮਲੇ ਅਤੇ ਸਿੱਖ ਕਤਲੇਆਮ ਦੀ ਯਾਦਗਾਰ

ਨੋਰਵਿੱਚ:ਅਮਰੀਕਾ ਦੇ ਨੋਰਵਿੱਚ ਸ਼ਹਿਰ ਵਿੱਚ ਭਾਰਤ ਅੰਦਰ 1984 ‘ਚ ਹੋਏ ਸਿੱਖ ਕਤਲੇਆਮ ਨੂੰ ਯਾਦ ਕੀਤਾ ਗਿਆ ਤੇ ਸ਼ਹਿਰ ਦੀ ਓਟਿਸ ਲਾਇਬਰੇਰੀ ਵਿੱਚ ਸਿੱਖਾਂ ਨੇ ਇਕੱਤਰ ਹੋ ਕੇ ਭਾਰਤੀ ਰਾਜ ਪ੍ਰਬੰਧ ਦੀ ਪੁਸ਼ਤਪਨਾਹੀ ਹੇਠ ਕਤਲ ਕੀਤੇ ਗਏ ਆਪਣੇ ਹਜ਼ਾਰਾਂ ਲੋਕਾਂ ਨੂੰ ਯਾਦ ਕੀਤਾ।ਇਸ ਇਕੱਤਰਤਾ ਵਿੱਚ ਸ਼ਹਿਰ ਦੇ ਚੁਣੇ ਹੋਏ ਨੁਮਾਂਇੰਦੇ ਵੀ ਸ਼ਾਮਿਲ ਹੋਏ। ਇਸ ਮੌਕੇ ਭਾਰਤ ਵੱਲੋਂ ਜੂਨ 1984 ਵਿੱਚ ਪੰਜਾਬ ਅੰਦਰ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ‘ਤੇ ਕੀਤੇ ਹਮਲੇ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦਗਾਰ ਇੱਕ ਤਖਤੀ ਸਥਾਪਿਤ ਕੀਤੀ ਗਈ। ਓਟੀਸ ਲਾਇਬਰੇਰੀ ਵਿੱਚ ਇਹ ਯਾਦਗਾਰ ਮੁੱਖ ਬਰਾਂਡੇ ਵਿੱਚ ਸਥਾਪਿਤ ਕੀਤੀ ਗਈ ਹੈ, ਜਿਸ ਉੱਤੇ ਆਪਣੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਬਹਾਲ ਰੱਖਣ ਲਈ ਭਾਰਤੀ ਫੌਜਾਂ ਖਿਲਾਫ ਜੂਝਣ ਵਾਲੇ ਸਿੰਘਾਂ ਦੀ ਅਗਵਾਈ ਕਰਦਿਆਂ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੈ।ਨੋਰਵਿੱਚ ਸ਼ਹਿਰ ਦੇ ਗਵਰਨਰ ਨੇਡ ਲੈਮੋਂਟ ਨੇ ਇਸ ਯਾਦਗਾਰ ਨੂੰ ਸ਼ਥਾਪਿਤ ਕਰਦਿਆਂ ਜੂਨ ਮਹੀਨੇ ਨੂੰ “ਸਿੱਖ ਮੈਮੋਰੀਅਲ ਮੰਥ” (ਸਿੱਖ ਯਾਦਗਾਰੀ ਮਹੀਨਾ) ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਤੇ ਸ਼ਹਿਰ ਦੀ ਕਾਉਂਸਲ ਦੀ ਜਨਰਲ ਅਸੈਂਬਲੀ ਨੇ ਸ਼ਨੀਵਾਰ ਨੂੰ “ਸਿੱਖ ਮੈਮੋਰੀਅਲ ਡੇਅ” (ਸਿੱਖ ਯਾਦਗਾਰੀ ਦਿਹਾੜਾ) ਵਜੋਂ ਐਲਾਨਣ ਦਾ ਮਤਾ ਪਾਸ ਕੀਤਾ।ਇਸ ਯਾਦਗਾਰ ਨੂੰ ਸਥਾਪਿਤ ਕਰਾਉਣ ਵਿੱਚ ਸਿੱਖ ਆਗੂ ਸਵਰਨਜੀਤ ਸਿੰਘ ਖਾਲਸਾ ਨੇ ਅਹਿਮ ਰੋਲ ਨਿਭਾਇਆ ਜਿਹਨਾਂ ਹੋਰ ਚੁਣੇ ਹੋਏ ਨੁਮਾਂਇੰਦਿਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਿੱਖਾਂ ਦੀਆਂ ਮੰਗਾਂ ਅਮਰੀਕਾ ਦੇ ਸੰਵਿਧਾਨ ਤੋਂ ਵੱਖਰੀਆਂ ਨਹੀਂ ਹਨ ਜੋ ਬਰਾਬਰ ਮਨੁੱਖੀ ਹੱਕ, ਬਰਾਬਰੀ ਅਤੇ ਧਾਰਮਿਕ ਅਜ਼ਾਦੀ ਦਿੰਦਾ ਹੈ। ਉਹਨਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸਨ। ਉਹਨਾਂ ਕਿਹਾ ਕਿ ਅਮਰੀਕਾ ਦਾ ਇਹ ਸ਼ਹਿਰ, ਇਹ ਸੂਬਾ ਮੈਨੂੰ ਮੇਰੀ ਪਛਾਣ ਅਤੇ ਮੇਰੇ ਅਤੀਤ ਸਮੇਤ ਪ੍ਰਵਾਨ ਕਰ ਰਹੇ ਹਨ। ਮੇਰੇ ਕੋਲ ਇਸ ਸਤਿਕਾਰ ਲਈ ਧੰਨਵਾਦ ਕਰਨ ਹਿੱਤ ਸ਼ਬਦ ਨਹੀਂ ਹਨ।ਸਮਾਗਮ ਦੌਰਾਨ ਬੋਲਦਿਆਂ ਸਿੱਖ ਆਗੂ ਮਨਮੋਹਨ ਸਿੰਘ ਭਰਾਰਾ ਨੇ ਕਿਹਾ, “ਯਾਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਦੇਖਣਾ, ਕਰਨਾ ਅਤੇ ਵਿਚਾਰਨਾ ਹੈ। ਅਸੀਂ ਬੀਤੇ ਨੂੰ ਕਬਰਾਂ ਵਿੱਚ ਨਹੀਂ ਪਾ ਸਕਦੇ। ਸਾਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਅਸੀਂ ਇੱਥੇ ਤਾਂ ਇਕੱਤਰ ਹੋਏ ਹਾਂ ਕਿ ਇਹ ਵਰਤਾਰਾ ਦੁਬਾਰਾ ਨਾ ਵਾਪਰੇ।”
ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਨੁਮਾਂਇੰਦੇ ਜਗਦੀਪ ਸਿੰਘ ਨੇ ਕਿਹਾ ਕਿ ਇਹ ਸਮਾਗਮ ਦਰਬਾਰ ਸਾਹਿਬ ‘ਤੇ ਹਮਲੇ ਸਬੰਧੀ ਭਾਰਤੀ ਨਿਜ਼ਾਮ ਵੱਲੋਂ ਫੈਲਾਏ ਗਏ ਝੂਠੇ ਪ੍ਰਾਪੇਗੰਢੇ ਨੂੰ ਨੰਗਾ ਕਰਨ ਦਾ ਇੱਕ ਵਧੀਆ ਮੌਕਾ ਸੀ।ਉਹਨਾਂ ਕਿਹਾ ਕਿ ਪਹਿਲਾਂ ਭਾਰਤੀ ਸਰਕਾਰ ਦੇ ਪ੍ਰਭਾਵ ਅਧੀਨ ਇਹ ਗੱਲ ਸਥਾਪਤ ਕੀਤੀ ਗਈ ਸੀ ਕਿ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਜੂਝਣ ਵਾਲੇ ਸਿੱਖ ਅੱਤਵਾਦੀ ਸਨ , ਪਰ ਅਸਲ ਵਿੱਚ ਇਹ ਦੋ ਤਾਕਤਾਂ ਦਰਮਿਆਨ ਹੱਥਿਆਰਬੰਦ ਜੰਗ ਸੀ, ਸਿੱਖਾਂ ਦੇ ਮਨੁੱਖੀ ਹੱਕਾਂ ਦਾ ਸੰਘਰਸ਼ ਸੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਨਵੰਬਰ ਵਿੱਚ ਹੋਏ ਸਿੱਖ ਕਤਲੇਆਮ ਨੂੰ ਵੀ ਭਾਰਤੀ ਨਿਜ਼ਾਮ ਨੇ ਦੁਨੀਆ ਵਿੱਚ ਦੰਗਿਆਂ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।ਉਹਨਾਂ ਕਿਹਾ ਕਿ ਅੱਜ ਵੀ ਭਾਰਤ ਵਿੱਚ ਸਿੱਖਾਂ ਦੇ ਹੱਕਾਂ ਦਾ ਘਾਣ ਹੋ ਰਿਹਾ ਹੈ ਅਤੇ ਸਿੱਖਾਂ ਨੂੰ ਅੱਜ ਤੱਕ ਇੱਕ ਵੱਖਰੇ ਧਰਮ ਵਜੋਂ ਮਾਨਤਾ ਨਹੀਂ ਦਿੱਤੀ ਗਈ ਹੈ।

Be the first to comment

Leave a Reply