ਅਦਾਲਤੀ ਧੱਕੇਸ਼ਾਹੀ ਵਿਰੁੱਧ ਸਰੀ ਵਿਚ ਪੰਥਕ ਇਕੱਠ

ਸਰੀ–ਕੈਨੇਡਾ 12 ਮਈ(ਹਰਦੀਪ ਸਿੰਘ ਨਿੱਝਰ) – ਪ੍ਰਬੰਧਕ ਕਮੇਟੀ ਅਤੇ ਸਮੂਹ ਸੇਵਾਦਾਰਾਂ ਵਲੋਂ ਪੰਥਕ ਇਕੱਠ ਦੀ ਇਕੱਤਰਤਾ ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿਖੇ ਕੀਤੀ ਗਈ।ਇਸ ਮੌਕੇ ਹਿੰਦੁਤਵੀ ਅਦਾਲਤੀ ਧੱਕੇਸ਼ਾਹੀ ਤਹਿਤ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸਮੇਤ 11 ਨੌਜਵਾਨਾਂ ਦੀ ਗੈਰਕਨੂੰਨੀ ਤਰੀਕੇ ਨਾਲ ਹੋਣ ਜਾ ਰਿਹਾ ਕੇਸ ਅਤੇ ਜੇਲ੍ਹ ਤਬਦੀਲੀ ਦੇ ਫੈਸਲੇ ‘ਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਭਾਰਤੀ ਉੱਚ ਅਦਾਲਤ ਵਲੋਂ ਬਿਨਾਂ ਸੁਣਵਾਈ ਦੇ 30 ਸੈਕੰਡ ‘ਚ ਥੋਪੇ ਗਏ ਹਿੰਦੁਤਵੀ ਫੈਸਲੇ ਦੀ ਨਿਖੇਧੀ ਕੀਤੀ ਤੇ ਇਸ ਨੂੰ ਘੱਟਗਿਣਤੀਆਂ ਨਾਲ ਹੋ ਰਹੇ ਜਬਰ ਦੀ ਲਗਾਤਾਰਤਾ ਦੱਸਿਆ ਗਿਆ। ਇਸ ਦੌਰਾਨ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਚ ਭਾਈ ਭੁਪਿੰਦਰ ਸਿੰਘ ਹੋਠੀ, ਮਨੁੱਖੀ ਅਧਿਕਾਰ ਕਾਰਕੁੰਨ ਗੁਰਪ੍ਰੀਤ ਸਿੰਘ, ਭਾਈ ਲਖਵੰਤ ਸਿੰਘ ਅਤੇ ਭਾਈ ਹਰਦੀਪ ਸਿੰਘ ਨਿੱਝਰ (ਮੁੱਖ ਸੇਵਾਦਾਰ) ਨੇ ਅਪਣੇ ਵਿਚਾਰ ਸੰਗਤ ਦੇ ਸਾਹਮਣੇ ਰੱਖੇ। ਸਾਰੇ ਬੁਲਾਰਿਆਂ ਨੇ ਸਿੱਖ ਪੰਥ ਨੂੰ ਇਸ ਅਦਾਲਤੀ ਧੱਕੇਸ਼ਾਹੀ ਦੇ ਖਿਲਾਫ ਇਕ ਪਲੇਟਫਾਰਮ ‘ਤੇ ਇਕੱਠੇ ਹੋਣ ਅਤੇ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।
ਗੁਰੂ ਘਰ ਦੇ ਜਨਰਲ ਸੈਕਰੈਟਰੀ ਭਾਈ ਭੁਪਿੰਦਰ ਸਿੰਘ ਹੋਠੀ ਨੇ ਇਸ ਪੰਥਕ ਇਕਠ ਬੁਲਾਉਣ ਦੇ ਕਾਰਨਾ ਬਾਰੇ ਸੰਗਤਾਂ ਨੂੰ ਜਾਣਕਾਰੀ ਦੇਂਦੇ ਹੋਏ ਕੇਸ ਦਾ ਪਿਛੋਕੜ ਸੰਗਤਾਂ ਨਾਲ ਸਾਂਜਾ ਕੀਤਾ।ਉਹਨਾਂ ਦੱਸਿਆ ਕਿ ਜਗਤਾਰ ਸਿੰਘ ਜੌਹਲ ਜੋ ਇੰਗਲੈਂਡ ਦਾ ਨਾਗਰਿਕ ਹੈ ਅਨੰਦ ਕਾਰਜ ਕਰਵਾਉਣ ਨਵੰਬਰ 2017 ਵਿਚ ਭਾਰਤ ਆਇਆ ਸੀ। ਅਨੰਦ ਕਾਰਜ ਤੋਂ ਥੋੜੇ ਦਿਨ ਬਾਅਦ ਹੀ ਕੁਝ ਅਣਪਛਾਤੇ ਵਿਅਤੀਆਂ ਵੱਲੋਂ ਉਹਨਾਂ ਨੂੰ ਅਗਵਾ ਕਰਕੇ ਪੰਜਾਬ ਦੇ ਵੱਖ ਵੱਖ ਠਾਣਿਆਂ ਵਿਚ ਰੱਖਕੇ ਖੱਜਲ ਕੀਤਾ ਗਿਆ ।ਕਈ ਮਹੀਨਿਆਂ ਤੱਕ ਭਾਰਤੀ ਏਜੰਸੀਆਂ ਕੋਲੋਂ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਕੋਈ ਚਾਰਜਸ਼ੀਟ ਵੀ ਦਾਖਲ ਨਾ ਕੀਤੀ ਜਾ ਸਕੀ।
ਇਨ੍ਹਾਂ ਸਾਰੇ ਸਿੰਘਾਂ ਦਾ ਕੇਸ ਤਕਰੀਬਨ ਪਿਛਲੇ ਡੇਢ ਸਾਲ ਤੋਂ ਅਦਾਲਤ ਵਿੱਚ ਚੱਲ ਰਿਹਾ ਹੈ ਭਾਰਤੀ ਸਰਕਾਰ ਨੇ ਬਦਲ ਕੇ ਦਿੱਲੀ ਲੈ ਜਾਣ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ ਕਿਵੇਂ ਭਾਰਤੀ ਸੁਰੱਖਿਆ ਏਜੰਸੀ ਐੱਨਆਈਏ ਗਵਾਹਾਂ ਤੇ ਦਬਾਅ ਬਣਾ ਰਹੀ ਹੈ ਜਿਸ ਤੋਂ ਤੰਗ ਆ ਕੇ ਇੱਕ ਗਵਾਹ ਜਿਸ ਦਾ ਨਾਮ ਰਾਮਪਾਲ ਸੀ ਉਸ ਨੇ ਦਬਾਅ ਥੱਲੇ ਆ ਕਰਕੇ ਖੁਦਕੁਸ਼ੀ ਕਰ ਲਈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਕੇਸ ਨੂੰ ਦਿੱਲੀ ਟਰਾਂਸਫਰ ਕਰਨ ਦੀ ਕਾਰਵਾਈ ਵਿੱਚ ਇੱਕ ਸਾਜ਼ਿਸ਼ ਦੀ ਬੂ ਆਉਂਦੀ ਹੈ ਜਿਸ ਤੋਂ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਅਤੇ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।ਇਸ ਤੋਂ ਉਪਰੰਤ ਬਾਹਰ ਦੇ ਸਤਿਕਾਰਯੋਗ ਲਖਵੰਤ ਸਿੰਘ ਨੇ ਇਸ ਗੰਭੀਰ ਮੁੱਦੇ ਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ । ਉਨ੍ਹਾਂ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਸਭ ਸਾਡੇ ਨਾਲ ਤਾਂ ਹੋ ਰਿਹਾ ਹੈ ਕਿਉਂ ਕੀ ਸਿੱਖਾਂ ਦਾ ਕੋਈ ਆਪਣਾ ਘਰ ਨਹੀਂ ਹੈ।ਉਨ੍ਹਾਂ ਦੱਸਿਆ ਦੇਸ਼ ਵਿਦੇਸ਼ ਵੱਸਦੇ ਨੌਜਵਾਨ ਜੋ ਆਪਣੇ ਕੌਮੀ ਘਰ ਪ੍ਰਤੀ ਸੁਚੇਤ ਰਾਏ ਰੱਖਦੇ ਹਨ ਉਹਨਾ ਨੁੰ ਭਾਰਤੀ ਏਜੇਸਿੰਆਂ ਵਲੋਂ ਕਿਵੇਂ ਤੰਗ ਪ੍ਰੇਸ਼ਾਨ ਕਰਕੇ ਕੌਮੀ ਨਿਸ਼ਾਨੇ ਤੋਂ ਭਟਕਾਇਆ ਜਾ ਰਿਹਾ। ਜਿਹੜੇ ਨੌਜਵਾਨਾਂ ਨੂੰ ਦਿੱਲੀ ਤਿਹਾੜ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਉਨ੍ਹਾਂ ਖਿਲਾਫ ਪੰਜਾਬ ਤੋਂ ਬਾਹਰ ਕੋਈ ਵੀ ਕੇਸ ਨਹੀਂ ਚੱਲ ਰਿਹਾ ਹੈ ਜੋ ਇਸ ਕਾਰਵਾਈ ਨੂੰ ਹੋਰ ਵੀ ਸ਼ੱਕੀ ਬਣਾਉਂਦਾ ਹੈ।ਕੌਮੀ ਆਗੂ ਦੀ ਘਾਟ ਨੂੰ ਮਹਿਸੂਸ ਕਰਦਿਆਂ ਉਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਕੋਈ ਵੀ ਆਗੂ ਨਜ਼ਰ ਨਹੀਂ ਆਉਂਦਾ ਜੋ ਕੌਮ ਨੂੰ ਸੇਧ ਦੇ ਸਕੇ ਅਤੇ ਅਜੋਕੇ ਸਮੇਂ ਦੇ ਸਿੱਖ ਆਗੂਆਂ ਦੀ ਨਿੱਜੀ ਸੁਆਰਥਾਂ ਭਰੀ ਰਾਜਨੀਤੀ ਬਾਰੇ ਵੀ ਉਨ੍ਹਾਂ ਚਿੰਤਾ ਜ਼ਾਹਰ ਕੀਤੀ ।ਇਸ ਤੋਂ ਉਪਰੰਤ ਬਹੁਤ ਹੀ ਸੂਝਵਾਨ ਬੁਲਾਰੇ ਅਤੇ ਮਨੁੱਖੀ ਅਧਿਕਾਰ ਕਾਰਕੁਨ ਸਰਦਾਰ ਗੁਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ . ਭਾਰਤ ਦੇ ਪੱਖਪਾਤੀ ਕਾਨੂੰਨ ਦਾ ਹਵਾਲਾ ਦਿੰਦਿਆਂ ,ਭਾਰਤੀ ਸੁਪਰੀਮ ਕੋਰਟ ਵੱਲੋਂ ਸਿੰਘਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਭੇਜਣ ਦੇ ਫ਼ੈਸਲੇ ਨੂੰ ਪੁਰਾਣੇ ਸਮੇਂ ਤੋਂ ਹਿੰਦੁਸਤਾਨ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਇੱਕ ਕੜੀ ਦੱਸਿਆ।ਉਨ੍ਹਾਂ ਪਿਛਲੇ ਸਮੇਂ ਵਿੱਚ ਹੋਏ ਇੱਕ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਗੁਜਰਾਤ ਦੰਗਿਆਂ ਦੇ ਦੋਸ਼ੀ ਬਾਬੂ ਬਜਰੰਗੀ ਨੂੰ ਭਾਰਤੀ ਅਦਾਲਤਾਂ ਵੱਲੋਂ ਜ਼ਮਾਨਤੀ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਦਿੱਲੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਸਾਈਂ ਬਾਬਾ ਨੂੰ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਡੱਕਿਆ ਹੋਇਆ ਹੈ.ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਭਾਰਤ ਵਿੱਚ ਹੋ ਰਹੇ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਜਿਹੇ ਗੰਭੀਰ ਮੁੱਦੇ ਲਈ ਹਾ ਦਾ ਨਾਅਰਾ ਮਾਰਨਾ ਚਾਹੀਦਾ ਹੈ ਅਤੇ ਆਪਣੇ ਮਨੁੱਖੀ ਅਧਿਕਾਰਾਂ ਦੀ ਰਾਖੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਣੀ ਚਾਹੀਦੀ ਹੈ ।ਅੰਤ ਵਿਚ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਨੇ ਬੇਕਸੂਰ ਨੌਜਵਾਨਾਂ ਨੂੰ ਭਾਰਤੀ ਅਦਾਲਤਾਂ ਵੱਲੋਂ ਖੱਜਲ ਖੁਆਰ ਕਰਨ ਦੇ ਇਸ ਗੰਭੀਰ ਮੁੱਦੇ ਵੱਲ ਸੰਗਤਾਂ ਦਾ ਧਿਆਨ ਖਿੱਚਦੇ ਹੋਏ ਕਿਹਾ ਕੀ ਜਗਤਾਰ ਸਿੰਘ ਜੌਹਲ ਅਤੇ ਸਾਥੀਆਂ ਨਾਲ ਹੋ ਰਹੀ ਅਦਾਲਤੀ ਧੱਕੇਸ਼ਾਹੀ ਪਿੱਛੇ ਇੱਕ ਹਿੰਦੁਤਵੀ ਸਾਜ਼ਿਸ਼ ਹੈ ਜਿਸ ਤੋਂ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਰਲ ਮਿਲ ਕੇ ਇਸ ਭਾਰਤੀ ਸਰਕਾਰ ਦੀਆਂ ਐਸੀਆਂ ਕੋਝੀਆਂ ਹਰਕਤਾਂ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਹੋਰ ਨੌਜਵਾਨ ਖੱਜਲ ਖੁਆਰੀ ਦੇ ਸ਼ਿਕਾਰ ਨਾ ਹੋਣ।ਅੰਤ ਵਿਚ ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਗੁਰੂਘਰ ਵੱਲੋਂ ਡਰੱਗ ਤੇ ਗੈਂਗਵਾਰ ਦੇ ਵਿਸ਼ੇ ਉੱਤੇ ਕਰਵਾਏ ਜਾ ਰਹੇ ਲੜੀ ਦੇ ਆਖਰੀ ਸੈਮੀਨਾਰ ਜੋ ਕਿ 19 ਮਈ 2019 ਦੁਪਹਿਰ 12 ਵਜੇ ਸੀਨੀਅਰ ਸੈਂਟਰ ਵਿਖੇ ਹੋਵੇਗਾ ,ਵਿਚ ਹਾਜਰੀਆ ਭਰਨ ਦੀ ਬੇਨਤੀ ਕੀਤੀ।ਉਨਾਂ ਸੰਗਤਾਂ ਵਿੱਚ ਹਾਜ਼ਰ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਸੈਮੀਨਾਰ ਵਿੱਚ ਜ਼ਰੂਰ ਲੈ ਕੇ ਆਓ ਤਾਂ ਜੋ ਆਪਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਅਤੇ ਡਰੱਗ ਵਾਰ ਦੇ ਕੋਹੜ ਤੋਂ ਬਚਾ ਸਕੀਏ । ਗੁਰੂਘਰ ਦੀ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਸਿਰ ਤੋੜ ਯਤਨ ਕਰਦੀ ਰਹੇਗੀ।

Be the first to comment

Leave a Reply