ਅਕਾਲ ਤਖ਼ਤ ਨੂੰ ਆਪਣੇ ਹਿੱਤਾਂ ਲਈ ਵਰਤ ਰਹੇ ਸਿਆਸਤਦਾਨ

ਚੰਡੀਗੜ੍ਹ: ਸਿਆਸਤਦਾਨਾਂ ਵੱਲੋਂ ਆਪਣੇ ਫਾਇਦੇ ਲਈ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕਰਨ ਦੇ ਮਾਮਲੇ ‘ਤੇ ਬੋਲਦਿਆਂ ਪ੍ਰਸਿੱਧ ਖੇਤੀਬਾੜੀ ਅਰਥ-ਸ਼ਾਸਤਰੀ ਤੇ ਸੈਂਟਰਲ ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਸਿੱਖ ਧਰਮ ਦੇ ਸਭ ਤੋਂ ਉੱਚੇ ਸਥਾਨ ਅਕਾਲ ਤਖਤ ਸਾਹਿਬ ਨੂੰ ਸਿਆਸਤਦਾਨਾਂ ਤੋਂ ਆਜ਼ਾਦ ਕਰਾਉਣ ਦੀ ਲੋੜ ਹੈ। ਜੌਹਲ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਫਾਰ ਵੋਮੈਨ ‘ਚ ‘ਅਕਾਲ ਤਖਤ-ਰੀਵਿਜ਼ਟਿੰਗ ਮੀਰੀ ਇਨ ਪੋਲੀਟੀਕਲ ਇਮੈਜੀਨੇਸ਼ਨ’ ਕਿਤਾਬ ਦੀ ਘੁੰਢ ਚੁਕਾਈ ਵੇਲੇ ਇਹ ਗੱਲ ਆਖੀ। ਅਮਰੀਕਾ ਦੇ ਸਿੱਖ ਸਕਾਲਰ ਅਮਨਦੀਪ ਸਿੰਘ ਦੀ ਕਿਤਾਬ ‘ਤੇ ਜੌਹਲ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਵੱਕਾਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਇਹ ਕਿਤਾਬ ਇਸ ਦਿਸ਼ਾ ‘ਚ ਸ਼ਲਾਘਾਯੋਗ ਯਤਨ ਹੈ। ਅਮਨਦੀਪ ਸਿੰਘ ਨੇ ਕਿਹਾ ਕਿ ਅਕਾਲ ਤਖਤ ਤੇ ਧਰਮ ਨਿਰਪੱਖ ਦਰਮਿਆਨ ਗੱਲਬਾਤ ਹੋਣੀ ਜ਼ਰੂਰੀ ਹੈ।ਸਰਦਾਰਾ ਸਿੰਘ ਜੌਹਲ ਨੇ ਕਿਹਾ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਬਿਨਾਂ ਸੋਚੇ ਸਮਝੇ ਕੋਈ ਵੀ ਫੈਸਲਾ ਸੁਣਾ ਦਿੰਦੇ ਹਨ ਜਿਵੇਂ ਕਿ ਪਹਿਲਾਂ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਤੇ ਫਿਰ ਮੁਆਫੀਨਾਮਾ ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਨੂੰ ਗੁਰੂ ਸਾਹਿਬ ਨੇ ਆਪਣੇ ਤੋਂ ਵੀ ਉੱਚੇ ਦਰਜੇ ਨਾਲ ਨਿਵਾਜਿਆ ਸੀ ਪਰ ਮੌਜੂਦਾ ਸਮੇਂ ਉਹ ਸਿਰਫ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਬਣ ਕੇ ਰਹਿ ਗਏ ਹਨ ਤੇ ਅਜਿਹਾ ਹੀ ਹਾਲ ਜਥੇਦਾਰਾਂ ਦਾ ਹੈ।ਜੌਹਲ ਨੇ ਕਿਹਾ ਕਿ ਜਥੇਦਾਰ ਇਸਾਈ ਧਰਮ ਦੇ ਪੋਪ ਦੇ ਬਰਾਬਰ ਦਾ ਦਰਜਾ ਰੱਖਦੇ ਹਨ ਪਰ ਉਨ੍ਹਾਂ ਦੀ ਚੋਣ ਲਈ ਕੋਈ ਉੱਚਿਤ ਮਾਪਦੰਡ ਹੀ ਨਹੀਂ। ਉਨ੍ਹਾਂ ਕਿਹਾ ਕਿ ਜਥੇਦਾਰ ਵੀ ਪੋਪ ਦੀ ਤਰ੍ਹਾਂ ਹੀ ਚੁਣੇ ਜਾਣੇ ਚਾਹੀਦੇ ਹਨ।

Be the first to comment

Leave a Reply