ਅਕਾਲੀ ਵਰਕਰਾਂ ਤੇ ਸਿੱਖ ਸੰਗਤਾਂ ਵਿਚਾਲੇ ਝੜੱਪਾਂ

ਅਮ੍ਰਿਤਸਰ:- ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਕਾਂਡ ਬਾਰੇ ਰਿਪੋਰਟ ਪਿੱਛੋਂ ਅਕਾਲੀ ਦਲ ਬਾਦਲ ਖ਼ਿਲਾਫ਼ ਰੋਹ ਉਠ ਖਲੋਤਾ ਹੈ। ਅਕਾਲੀ ਆਗੂਆਂ ਦੇ ਥਾਂ-ਥਾਂ ਹੋ ਰਹੇ ਵਿਰੋਧ ਕਾਰਨ ਪੰਥਕ ਅਖਵਾਉਣ ਵਾਲੀ ਇਸ ਸਿਆਸੀ ਧਿਰ ਦੇ ਭਵਿੱਖ ਉਤੇ ਵੀ ਸਵਾਲ ਉੱਠਣ ਲੱਗੇ ਹਨ। ਸਿੱਖ ਜਥੇਬੰਦੀਆਂ ਨੇ ਬਾਦਲ ਪਰਿਵਾਰ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਇਥੋਂ ਤੱਕ ਕਿ ਸੂਬੇ ਦੇ ਜ਼ਿਆਦਾਤਰ ਪਿੰਡਾਂ ਵਿਚ ਬਾਦਲ ਪਰਿਵਾਰ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਕਈ ਪਿੰਡਾਂ ਵਿਚ ਗੁਰਦੁਆਰਿਆਂ ਤੋਂ ਇਸ ਬਾਰੇ ਅਨਾਊਂਸਮੈਂਟ ਵੀ ਕੀਤੀ ਗਈ ਹੈ। ਬੀਤੇ ਦਿਨੀਂ ਪਿੰਡ ਮੂਸੇ ਕਲਾਂ (ਜ਼ਿਲ੍ਹਾ ਤਰਨਤਾਰਨ) ਵਿਚ ਸਾਲਾਨਾ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਰਾਹ ਵਿਚੋਂ ਹੀ ਵਾਪਸ ਮੁੜਨਾ ਪਿਆ। ਲੋਕ ਇਨ੍ਹਾਂ ਆਗੂਆਂ ਦੇ ‘ਸਵਾਗਤ’ ਲਈ ਛਿੱਤਰ, ਹੱਥਾਂ ਵਿਚ ਗੋਹਾ, ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਭਰ ਕੇ ਖੜ੍ਹੇ ਸਨ।
ਵਿਰੋਧ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਤੱਕ ਪਿਛਾਂਹ ਸੁੱਟੇ ਹੋਏ ਟਕਸਾਲੀ ਆਗੂਆਂ ਨੂੰ ਅੱਗੇ ਕਰ ਦਿੱਤਾ ਹੈ ਪਰ ਜੱਗੋਂ ਤੇਰ੍ਹਵੀਂ ਇਹ ਹੋਈ ਕਿ ਇਨ੍ਹਾਂ ਆਗੂਆਂ ਨੇ ਵੀ ਸੁਖਬੀਰ ਬਾਦਲ ਦੀਆਂ ਨੀਤੀਆਂ ‘ਤੇ ਸਵਾਲ ਚੁੱਕ ਕੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ। ਪਾਰਟੀ ਦੇ ਚਾਰ ਸੀਨੀਅਰ ਆਗੂਆਂ- ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਤੋਤਾ ਸਿੰਘ ਤੇ ਸੇਵਾ ਸਿੰਘ ਸੇਖਵਾਂ ਨੂੰ ਅੱਗੇ ਕੀਤਾ ਗਿਆ ਸੀ। ਢੀਂਡਸਾ ਨੇ ਪਹਿਲੇ ਦਿਨ ਇਹ ਕਹਿ ਕੇ ਨਵੀਂ ਚਰਚਾ ਛੇੜ ਦਿੱਤੀ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੀਤੇ ਕੁਝ ਫੈਸਲਿਆਂ ਕਾਰਨ ਸਿੱਖ ਮਰਿਆਦਾ ਨੂੰ ਢਾਹ ਲੱਗੀ ਹੈ। ਇਸ ਲਈ ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਉਧਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਲਦੀ ਉਤੇ ਤੇਲ ਪਾਉਂਦਿਆਂ ਆਖ ਦਿੱਤਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਅਫਸਰਸ਼ਾਹੀ ਪਿੱਛੇ ਲੱਗ ਕੇ ਮਾਮਲੇ ਨੂੰ ਠੰਢੇ ਬਸਤੇ ਵਿਚ ਪਾਈ ਰੱਖਿਆ।

ਹੁਣ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਦਾ ਮਾਹੌਲ ਵਿਗੜਨ ਲੱਗਾ ਹੈ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਕਰ ਰਹੇ ਸਿੱਖ ਪ੍ਰਦਰਸ਼ਨਕਾਰੀ ਤੇ ਅਕਾਲੀ ਦਲ ਦੇ ਵਰਕਰ ਆਹਮੋ-ਸਾਹਮਣੇ ਹੋਣ ਲੱਗੇ ਹਨ।
ਬੁੱਧਵਾਰ ਨੂੰ ਫਰੀਦਕੋਟ ਵਿੱਚ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋਇਆ।ਦਰਅਸਲ ਫਰੀਦਕੋਟ ਵਿੱਚ ਅਕਾਲੀ ਦਲ ਵੱਲੋਂ 15 ਸਤੰਬਰ ਨੂੰ ਪੋਲ ਖੋਲ੍ਹੋ ਰੈਲੀ ਕੀਤੀ ਜਾ ਰਹੀ ਸੀ।ਇਸ ਦੇ ਨਾਲ ਹੀ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਫ਼ਰੀਦਕੋਟ ਵਿੱਚ ਵਰਕਰਾਂ ਦੀ ਮੀਟਿੰਗ ਰੱਖੀ ਗਈ ਸੀ।ਇਸ ਦਾ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਅਕਾਲੀ ਲੀਡਰਾਂ ਦਾ ਨਾਂ ਆਉਣ ਬਾਅਦ ਸਿੱਖ ਸੰਗਤ ਵੱਲੋਂ ਅਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ।ਸਿੱਖ ਜਥੇਬੰਦੀਆਂ ਸਵੇਰੇ ਤੋਂ ਹੀ ਮੀਟਿੰਗ ਵਾਲੀ ਜਗ੍ਹਾ ‘ਤੇ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ। ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਅਕਾਲੀ ਦਲ ਤੇ ਸਿੱਖ ਆਗੂ ਆਹਮੋ-ਸਾਹਮਣੇ ਹੋ ਗਏ।ਪੁਲਿਸ ਨੇ ਮੁਸ਼ਕਲ ਨਾਲ ਹਾਲਤ ‘ਤੇ ਕਾਬੂ ਪਾਇਆ। ਇਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਨੇ ਮੀਟਿੰਗ ਵਿੱਚ ਤੇਜ਼ਧਾਰ ਹਥਿਆਰ ਵੀ ਲਿਆਂਦੇ।ਇਸ ਮੌਕੇ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਬੰਟੀ ਰੋਮਾਣਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਫਰੀਦਕੋਟ ਰੈਲੀ ਦੀ ਮੀਟੰਗ ਕਰਨ ਕਰਕੇ ਕੁਝ ਲੋਕਾਂ ਨੇ ਰੋਸ ਜ਼ਾਹਰ ਕੀਤਾ।ਉਨ੍ਹਾਂ ਕਿਹਾ ਇਹ ਰੋਸ ਕਾਂਗਰਸ ਸਰਕਾਰ ਦੀ ਸ਼ਹਿ ‘ਤੇ ਕਰ ਰਹੇ ਹਨ। ਬੰਟੀ ਰੋਮਾਣਾ ਨੇ ਜਥੇਬੰਦੀਆਂ ਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੱਤੀ।

Be the first to comment

Leave a Reply