
ਨਵੀਂ ਦਿੱਲੀ:-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ‘ਤੇ ਭਾਰਤ ਦੇ ਸੰਵਿਧਾਨ ‘ਤੇ ਹਮਲਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਿਆਸੀ ਲਾਹੇ ਲਈ ਝੂਠ ਦੀ ਵਰਤੋਂ ਕਰਦੇ ਹਨ ਜਦਕਿ ਉਨ੍ਹਾਂ ਦੀ ਪਾਰਟੀ (ਕਾਂਗਰਸ) ਲਈ ਸੱਚ ਅਤੇ ਉਸ ਦੀ ਰਾਖੀ ਅਹਿਮ ਹੈ। ਕਾਂਗਰਸ ਦੇ 133ਵੇਂ ਸਥਾਪਨਾ ਦਿਵਸ ਸਮਾਗਮ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਨੇ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਉਹ ‘ਝੂਠ ਦਾ ਜਾਲ’ ਬੁਣਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸੱਚ ਦਾ ਸਾਥ ਦਿੰਦੀ ਰਹੇਗੀ ਭਾਵੇਂ ਪਾਰਟੀ ਨੂੰ ਕਿੰਨੀਆਂ ਵੀ ਚੋਣਾਂ ‘ਚ ਹਾਰ ਦਾ ਸਾਹਮਣਾ ਕਿਉਂ ਨਾ ਕਰਨਾ ਪਏ। ਸ੍ਰੀ ਗਾਂਧੀ ਨੇ ਕਾਂਗਰਸ ਹੈੱਡਕੁਆਰਟਰ ‘ਤੇ ਪਾਰਟੀ ਦਾ ਝੰਡਾ ਲਹਿਰਾਇਆ ਜਿਸ ‘ਚ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਸਮੇਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੀਨੀਅਰ ਆਗੂ ਹਾਜ਼ਰ ਸਨ। ਸੰਵਿਧਾਨ ਬਦਲਣ ਬਾਰੇ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਵੱਲੋਂ ਦਿੱਤੇ ਗਏ ਬਿਆਨ ਸਬੰਧੀ ਉਨ੍ਹਾਂ ਕਿਹਾ ਕਿ ਭਾਰਤ ਦਾ ਸਭ ਤੋਂ ਅਹਿਮ ਪਲ ਉਹ ਸੀ ਜਦੋਂ ਸੰਵਿਧਾਨ ਬਣਿਆ ਸੀ ਪਰ ਹੁਣ ਇਸ ‘ਤੇ ਵੀ ਹਮਲੇ ਹੋ ਰਹੇ ਹਨ। ਹੇਗੜੇ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਰੱਖਿਆ ਕਰਨਾ ਹਰੇਕ ਕਾਂਗਰਸੀ ਅਤੇ ਹਰੇਕ ਭਾਰਤੀ ਦਾ ਫ਼ਰਜ਼ ਬਣਦਾ ਹੈ।
Leave a Reply
You must be logged in to post a comment.