ਪ੍ਰਸਿੱਧ ਨੇਤਰ ਸਰਜਨ ਪਦਮਸ਼੍ਰੀ ਡਾ: ਦਲਜੀਤ ਸਿੰਘ ਦਾ 83 ਦੀ ਉਮਰ ‘ਚ ਹੋਇਆ ਦਿਹਾਂਤ

ਅੰਮ੍ਰਿਤਸਰ, (ਜਸਬੀਰ ਸਿੰਘ)ਅੱਖਾਂ ਦੇ ਉੱਘੇ ਸਰਜਨ ਡਾ. ਦਲਜੀਤ ਸਿੰਘ ਨਹੀਂ ਰਹੇ। ਬੁੱਧਵਾਰ ਦੀ ਸਵੇਰ ਨੂੰ ਉਨ੍ਹਾ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਇੱਕ ਮਹੀਨੇ ਤੋਂ ਬਿਮਾਰ ਚਲੇ ਆ ਰਹੇ ਸਨ।
82 ਵਰ੍ਹਿਆਂ ਦੇ ਡਾ. ਦਲਜੀਤ ਸਿੰਘ ਨੂੰ ਉਨ੍ਹਾ ਦੀਆਂ ਸੇਵਾਵਾਂ ਬਦਲੇ 1987 ‘ਚ ਪਦਮ ਸ੍ਰੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ਸੀ।ਡਾ. ਦਲਜੀਤ ਸਿੰਘ ਸਹੀ ਅਰਥਾਂ ਵਿੱਚ ਲੋਕਾਂ ਦੇ ਡਾਕਟਰ ਸਨ। ਉਨ੍ਹਾ ਲੋਕਾਂ ਦੀ ਸਹੂਲਤ ਦੇ ਮੇਚ ਦੀ ਤਕਨਾਲੋਜੀ ਵਿਕਸਤ ਕਰਕੇ ਸਧਾਰਨ ਲੋਕਾਂ ਨੂੰ ਅੱਖਾਂ ਦੀ ਦਾਤ ਬਖਸ਼ੀ। ਉਨ੍ਹਾ ਦੇ ਮਰੀਜ਼ਾਂ ‘ਚ ਗਿਆਨੀ ਜ਼ੈਲ ਸਿੰਘ ਤੇ ਚੌਧਰੀ ਦੇਵੀ ਲਾਲ ਵਰਗੀਆਂ ਸ਼ਖਸੀਅਤਾਂ ਵੀ ਸ਼ਾਮਲ ਸਨ। ਡਾਕਟਰ ਦਲਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਅੰਮ੍ਰਿਤਸਰ ਲੋਕ ਸਭਾ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਅਰੁਣ ਜੇਤਲੀ ਵਿਰੁੱਧ ਚੋਣ ਵੀ ਲੜੀ ਸੀ। ਬਾਅਦ ਵਿੱਚ ਹਾਈ ਕਮਾਂਡ ਨਾਲ ਮੱਤਭੇਦ ਪੈਦਾ ਹੋ ਜਾਣ ਕਾਰਨ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਖਾਂ ਦੇ ਉੱਘੇ ਸਰਜਨ ਤੇ ਪਦਮਸ੍ਰੀ ਐਵਾਰਡ ਪ੍ਰਾਪਤ ਡਾਕਟਰ ਦਲਜੀਤ ਸਿੰਘ (82) ਦੀ ਮੌਤ ‘ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਨੇ ਸਵੇਰੇ ਅੰਮ੍ਰਿਤਸਰ ਵਿਖੇ ਆਪਣਾ ਆਖਰੀ ਸਾਹ ਲਿਆ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਡਾਕਟਰ ਦਲਜੀਤ ਸਿੰਘ ਦੇ ਵਿਲੱਖਣ ਯੋਗਦਾਨ ਨੂੰ ਯਾਦ ਕੀਤਾ, ਜੋ ਦੇਸ਼ ਵਿੱਚ ਅੱਖਾਂ ‘ਚ ਲੈਂਜ ਲਾਉਣ ਵਾਲੇ ਮੋਹਰੀ ਡਾਕਟਰ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਦਲਜੀਤ ਸਿੰਘ ਅੱਖਾਂ ਦੇ ਇਕ ਉੱਘੇ ਡਾਕਟਰ ਹੋਣ ਤੋਂ ਇਲਾਵਾ ਮਿੱਠ ਬੋਲੜੇ, ਦਿਆਲੂ ਅਤੇ ਲੋਕ-ਹਿਤੈਸ਼ੀ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਦਲਜੀਤ ਸਿੰਘ ਦੀ ਮੌਤ ਨਾਲ ਡਾਕਟਰੀ ਖੇਤਰ ਵਿੱਚ ਇਕ ਵੱਡਾ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਭਰਿਆ ਜਾਣਾ ਬਹੁਤ ਮੁਸ਼ਕਲ ਹੈ। ਮੁੱਖ ਮੰਤਰੀ ਨੇ ਦੁਖੀ ਪਰਵਾਰ ਦੇ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਇਹ ਵੱਡਾ ਨੁਕਸਾਨ ਸਹਿਣ ਕਰਨ ਵਾਸਤੇ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

Be the first to comment

Leave a Reply