Ad-Time-For-Vacation.png

ਮੋਹਨਦਾਸ ਕਰਮਚੰਦ ਗਾਂਧੀ ਨੂੰ ਇਕ ਸਿਆਸੀ ਨੇਤਾ ਹੀ ਰਹਿਣ ਦਿਤਾ ਜਾਂਦਾ ਤਾਂ ਬਿਹਤਰ ਹੁੰਦਾ!

ਮੋਹਨਦਾਸ ਕਰਮਚੰਦ ਗਾਂਧੀ ਨੇ ਇਕ ਸਿਆਸੀ ਨੇਤਾ ਵਜੋਂ, ਜੀਵਨ ਵਿਚ ਕਈ ਅਜਿਹੇ ਕਾਰਨਾਮੇ ਕਰ ਵਿਖਾਏ ਜੋ ਹਿੰਦੁਸਤਾਨੀ ਜਨਤਾ ਲਈ ਬਿਲਕੁਲ ਨਵੇਂ ਸਨ ਪਰ ਉਸ ਦੀ ਕਾਮਯਾਬੀ ਇਸ ਗੱਲ ਵਿਚੋਂ ਵੇਖੀ ਜਾ ਸਕਦੀ ਹੈ ਕਿ ਉਸ ਨੇ ਬਹੁਤੇ ਭਾਰਤੀਆਂ ਨੂੰ ਇਸ ਗੱਲ ਦਾ ਅਹਿਸਾਸ ਤਕ ਨਾ ਹੋਣ ਦਿਤਾ ਕਿ ਉਹ ਕੁੱਝ ਅਜਿਹੀਆਂ ਗੱਲਾਂ ਵੀ ਕਰਦਾ ਰਿਹਾ ਹੈ ਜਿਸ ਨੂੰ ਇਸ ਦੇਸ਼ ਦੀ ਜਨਤਾ ਨੇ ਪਹਿਲਾਂ ਕਦੇ ਵੀ ਪ੍ਰਵਾਨ ਨਹੀਂ ਸੀ ਕੀਤਾ। ਮਿਸਾਲ ਵਜੋਂ, ਉਸ ਨੇ ਅਪਣੇ ਇਕ ਕਰਮਚਾਰੀ ਦੀ ਪਤਨੀ ਨੂੰ ਰਾਤ ਉਸ ਨਾਲ ਨੰਗਿਆਂ ਸੌਣ ਲਈ ਤਿਆਰ ਕਰ ਲਿਆ। ਜਦ ਉਸ ਕਰਮਚਾਰੀ ਨੂੰ ਪਤਾ ਲੱਗਾ ਤਾਂ ਉਸ ਨੇ ਗਾਂਧੀ ਨੂੰ ਇਸ ਬਾਰੇ ਜਾ ਘੇਰਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ? ਗਾਂਧੀ ਨੇ ਨਿਝੱਕ ਹੋ ਕੇ ਕਿਹਾ, ”ਮੈਂ ਅਪਣੇ ਆਪ ਦੀ ਪ੍ਰੀਖਿਆ ਲੈਣਾ ਚਾਹੁੰਦਾ ਸੀ ਕਿ ਮੈਨੂੰ ਉਸ ਹਾਲਤ ਵਿਚ ਅਪਣੇ ਆਪ ਉਤੇ ਕਾਬੂ ਰਖਣਾ ਆ ਗਿਆ ਹੈ ਜਾਂ ਨਹੀਂ।” ਇਸੇ ਤਰ੍ਹਾਂ ਗਾਂਧੀ ਨੇ ਅਦਾਲਤ ਵਿਚ ਪੇਸ਼ ਹੋ ਕੇ ਅੰਗਰੇਜ਼ੀ ਸਰਕਾਰ ਦੀ ਵਫ਼ਾਦਾਰੀ ਦੀ ਗੱਲ ਕੀਤੀ ਪਰ ਮਗਰੋਂ ਉਸ ਨੇ ‘ਅੰਗਰੇਜ਼ੋ ਗੱਦੀ ਛੋੜ ਦੋ’ ਅੰਦੋਲਨ ਦੀ ਕਮਾਨ ਵੀ ਸੰਭਾਲ ਲਈ। ਉਸ ਨੇ ‘ਮਰਨ ਵਰਤ’ ਦੇ ਸਿਆਸੀ ਹਥਿਆਰ ਦਾ ਆਸਰਾ ਲੈ ਕੇ, ਸਰਕਾਰ ਨੂੰ ਕਈ ਵਾਰ ਝੁਕਣ ਲਈ ਮਜਬੂਰ ਕੀਤਾ ਪਰ ਇਸ ਗੱਲ ਦਾ ਸਦਾ ਧਿਆਨ ਰਖਿਆ ਕਿ ਅੰਤਮ ਘੜੀ ਆਉਣ ਤੋਂ ਪਹਿਲਾਂ, ਗੱਲ ਸਿਰੇ ਜ਼ਰੂਰ ਚੜ੍ਹ ਜਾਵੇ।

ਗਾਂਧੀ ਨੇ ਦਲਿਤਾਂ ਨੂੰ ‘ਹਰੀਜਨ’ ਕਹਿ ਕੇ ਤੇ ਉਨ੍ਹਾਂ ਦੀਆਂ ਬਸਤੀਆਂ ਵਿਚ ਜਾ ਕੇ ਸਫ਼ਾਈ ਵੀ ਕੀਤੀ ਤੇ ਝਾੜੂ ਵੀ ਮਾਰਿਆ ਪਰ ਜਦ ਡਾ. ਅੰਬੇਦਕਰ ਨੇ ਭਾਰਤੀ ਦਲਿਤਾਂ ਲਈ ਵਖਰੀਆਂ ਵੋਟਾਂ ਬਣਾਉਣ ਤੇ ਵਖਰੀਆਂ ਸੀਟਾਂ ਦੀ ਮੰਗ ਕੀਤੀ ਤਾਂ ਗਾਂਧੀ ਨੇ ਧਮਕੀ ਦਿਤੀ ਕਿ ਜੇ ਅੰਬੇਦਕਰ ਨੇ ਇਹ ਮੰਗ ਨਾ ਛੱਡੀ ਤਾਂ ਉਹ ਮਰਨ ਵਰਤ ਰੱਖ ਕੇ ਜਾਨ ਦੇ ਦੇਵੇਗਾ। ‘ਮਹਾਤਮਾ’ ਲਕਬ ਇਸ ਸਿਆਸਤਦਾਨ ਨੂੰ ਹੋਰ ਵੀ ਰਾਸ ਆ ਗਿਆ ਪਰ ਜ਼ਿਆਦਾ ਦੇਰ ਤਕ ਨਹੀਂ ਕਿਉਂਕਿ 1947 ਦੇ ਨੇੜੇ ਪੁਜਦੇ ਪੁਜਦੇ, ਉਸ ਦੀ ਅਪਣੀ ਪਾਰਟੀ ਦੇ ਵੱਡੇ ਨੇਤਾ ਉਸ ਨੂੰ ‘ਪੁਰਾਣੇ ਵਿਚਾਰਾਂ ਵਾਲਾ’ ਕਹਿ ਕੇ ਉਸ ਤੋਂ ਦੂਰ ਰਹਿਣ ਲੱਗ ਪਏ ਸਨ। ਆਚਾਰੀਆ ਕ੍ਰਿਪਲਾਨੀ ਦੇ ਕਟਾਖਸ਼, ਦਿੱਲੀ ਵਿਚ ਆਮ ਗੂੰਜਿਆ ਕਰਦੇ ਸਨ। ਆਜ਼ਾਦੀ ਮਗਰੋਂ ਨਹਿਰੂ ਨੇ ਗਾਂਧੀ ਨੂੰ ਸੱਦਾ ਦੇਣ ਜਾਂ ਮਿਲਣ ਦੀ ਉਤਸੁਕਤਾ ਵੀ ਗਵਾ ਲਈ ਸੀ। ਗਾਂਧੀ ਦੀ ਇਕ ਚਿੱਠੀ ਦਸਦੀ ਹੈ ਕਿ ਜਿਵੇਂ ਕਿ ਬੁੱਢੇ ਹੋ ਚੁੱਕੇ ਸਿਆਸਤਦਾਨਾਂ ਨਾਲ ਆਮ ਹੁੰਦਾ ਹੈ, ਗਾਂਧੀ ਬਹੁਤ ਦੁਖੀ ਸੀ ਕਿ ਜਿਹੜੇ ਉਸ ਦੀ ਬਦੌਲਤ ਰਾਜਗੱਦੀਆਂ ਉਤੇ ਬੈਠਣ ਜੋਗੇ ਹੋ ਗਏ ਸਨ, ਉਨ੍ਹਾਂ ਨੇ ਗਾਂਧੀ ਦੀ ਪ੍ਰਵਾਹ ਕਰਨੀ ਬਿਲਕੁਲ ਹੀ ਛੱਡ ਦਿਤੀ ਸੀ ਤੇ ਉਸ ਦਾ ਹਾਲ ਚਾਲ ਵੀ ਨਹੀਂ ਸਨ ਪੁਛਦੇ।

ਨਾਥੂ ਰਾਮ ਗੋਡਸੇ ਦੀ ਇਕ ਗੋਲੀ ਨੇ ਤਸਵੀਰ ਬਦਲ ਕੇ ਰੱਖ ਦਿਤੀ। ਜਿਹੜਾ ਗਾਂਧੀ, ਅਪÎਣਿਆਂ ਦੀ ਨਜ਼ਰ ਵਿਚ ਹੀ ‘ਪੁਰਾਣਾ ਤੇ ਚਲਿਆ ਹੋਇਆ ਕਾਰਤੂਸ’ ਬਣ ਗਿਆ ਸੀ, ਉਸ ਨੂੰ ‘ਸ਼ਹੀਦ’ ਦਾ ਦਰਜਾ ਦੇਣ ਲਈ ਉਹੀ ਲੀਡਰ ਮਜਬੂਰ ਹੋ ਗਏ। ਅੰਗਰੇਜ਼ ਵਾਇਸਰਾਏ ਲਾਰਡ ਮਾਊਟਬੈਂਟਨ ਤੇ ਉਸ ਦੀ ਪਤਨੀ ਨੂੰ ਜਵਾਹਰ ਲਾਲ ਨਹਿਰੂ ਨੇ, ਆਜ਼ਾਦੀ ਮਗਰੋਂ ਵੀ ਦੇਸ਼ ਵਿਚ ਰੱਖ ਲਿਆ ਸੀ। ਉਨ੍ਹਾਂ ਨੇ ਨਹਿਰੂ ਨੂੰ ਸਲਾਹ ਦਿਤੀ ਕਿ ਗਾਂਧੀ ਦੇ ”ਕਤਲ ਦਾ ਪੂਰਾ ਲਾਭ ਉਠਾਉ ਤੇ ਇਸ ਨੂੰ ਲੋੜ ਤੋਂ ਵੱਧ ਉਛਾਲ ਕੇ, ਤੁਸੀ 25 ਸਾਲ ਤਕ ਲਈ ਅਪਣੀ ਹਕੂਮਤ ਪੱਕੀ ਕਰ ਸਕਦੇ ਹੋ, ਹੋਰ ਕੁੱਝ ਕਰਨ ਦੀ ਲੋੜ ਨਹੀਂ ਪਵੇਗੀ।”

ਇਸ ਤਰ੍ਹਾਂ ਪ੍ਰਛਾਵਾਂ ਬਣ ਚੁੱਕਾ ਅਤੇ ਹਕੂਮਤੀ ਲੀਡਰਾਂ ਤੋਂ ਕੋਹਾਂ ਦੂਰ ਜਾ ਚੁੱਕਾ, ਕਲ ਦਾ ਸਿਆਸੀ ਨੇਤਾ, ਇਕਦਮ ਇਕ ਦੇਵਤਾ ਰੂਪ ਧਾਰਨ ਕਰ ਗਿਆ ਤੇ ਜਜ਼ਬਾਤੀ ਲਹਿਜੇ ਵਿਚ, ਬਿਨਾਂ ਕੋਈ ਮਤਾ ਪਾਸ ਕੀਤੇ, ਗਾਂਧੀ ਨੂੰ ‘ਰਾਸ਼ਟਰ ਪਿਤਾ’ ਵੀ ਕਹਿ ਦਿਤਾ ਗਿਆ। ਰਾਸ਼ਟਰਪਿਤਾ ਉਹ ਹੁੰਦਾ ਹੈ ਜਿਸ ਨੇ ਸਾਰੀਆਂ ਕੌਮੀਅਤਾਂ ਤੇ ਘੱਟ-ਗਿਣਤੀਆਂ ਦਾ ਇਕੋ ਜਿੰਨਾ ਭਰੋਸਾ ਪ੍ਰਾਪਤ ਕਰ ਲਿਆ ਹੋਵੇ ਤੇ ਦੇਸ ਨੂੰ ਟੁਕੜੇ-ਟੁਕੜੇ ਹੋਣੋਂ ਬਚਾ ਲਿਆ ਹੋਵੇ। ਗਾਂਧੀ ਅਜਿਹਾ ਕੁੱਝ ਨਹੀਂ ਸੀ ਕਰ ਸਕਿਆ ਪਰ ਉਸ ਵੇਲੇ ਦੇ ਕਾਂਗਰਸੀ ਹਾਕਮਾਂ ਨੂੰ ਇਹ ਗੱਲ ਰਾਸ ਆਉਂਦੀ ਸੀ ਕਿ ‘ਗਾਂਧੀ ਹਤਿਆ’ ਨੂੰ ਚੁਕ ਕੇ ਅਪਣੇ ਰਾਜ ਦੀ ਉਮਰ ਲੰਮੀ ਕਰਨ। ਉਨ੍ਹਾਂ ਨੇ ਅਜਿਹਾ ਹੀ ਕੀਤਾ ਤੇ ਇਸ ਵਿਚ ਸਫ਼ਲ ਵੀ ਹੋਏ ਜਿਸ ਕਾਰਨ ਵਿਚਾਰਾ ਇਕ ਸਿਆਸੀ ਨੇਤਾ, ਸਿਆਸੀ ਮਹਾਤਮਾ ਬਣਾ ਕੇ ਰੱਖ ਦਿਤਾ ਗਿਆ।

ਇਸ ਨਵੇਂ ਨਾਮਕਰਣ ਦਾ, ਨਹਿਰੂ ਪ੍ਰਵਾਰ ਅਤੇ ਕਾਂਗਰਸ ਨੂੰ ਫ਼ਾਇਦਾ ਤਾਂ ਹੋਇਆ ਹੀ ਪਰ ਸਮਾਂ ਬੀਤਣ ਨਾਲ, ਹੌਲੀ ਹੌਲੀ ਗਾਂਧੀ ਦਾ ਅਸਲ ਰੂਪ ਅਰਥਾਤ ਇਕ ਸਿਆਸੀ ਨੇਤਾ ਵਾਲਾ ਅਸਲ ਰੂਪ ਵੀ ਉਜਾਗਰ ਹੋਣ ਲੱਗ ਪਿਆ। ਇਸ ਅਸਲ ਰੂਪ ਵਿਚ ਗਾਂਧੀ ਕਈ ਚੰਗੀਆਂ ਤੇ ਕਈ ਮਾੜੀਆਂ ਗੱਲਾਂ, ਕਈ ਪ੍ਰਾਪਤੀਆਂ ਤੇ ਕਈ ਨਾਕਾਮੀਆਂ, ਕਈ ਖ਼ੂਬੀਆਂ ਤੇ ਕਈ ਕਮਜ਼ੋਰੀਆਂ ਵਾਲਾ ਅਸਲ ਨੇਤਾ ਬਣ ਕੇ ਜਦ ਵੀ ਸਾਹਮਣੇ ਆਉਣ ਲਗਦਾ ਤਾਂ ਕਾਂਗਰਸੀ ਨੇਤਾ ‘ਰਾਸ਼ਟਰ ਪਿਤਾ’ ਵਾਲਾ ਨਾਹਰਾ ਮਾਰ ਕੇ, ਅਸਲ ਗਾਂਧੀ ਨੂੰ ਲੋਕਾਂ ਦੇ ਸਾਹਮਣੇ ਆਉਣ ਤੋਂ ਰੋਕਣ ਦਾ ਪੂਰਾ ਯਤਨ ਕਰਦੇ ਰਹੇ। ਪਰ ਬੀਜੇ.ਪੀ. ਦੇ ਸੱਤਾ ਵਿਚ ਆਉਣ ਨਾਲ, ਕਈ ਬੀ.ਜੇ.ਪੀ.-ਆਰ.ਐਸ.ਐਸ. ਲੀਡਰਾਂ ਲਈ ਅਪਣੀ ਗੱਲ ਖੁਲ੍ਹ ਕੇ ਕਰਨੀ ਆਸਾਨ ਹੋ ਗਈ।

ਹਰਿਆਣੇ ਦੇ ਇਕ ਵਜ਼ੀਰ ਅਨਿਲ ਵਿਜ ਨੇ ਇਹਨੀਂ ਦਿਨੀਂ ਕਾਂਗਰਸ ਦੇ ਮਹਾਤਮਾ ਗਾਂਧੀ ਵਿਰੁਧ ਜ਼ਬਰਦਸਤ ਗੋਲੀਬਾਰੀ ਕਰ ਕੇ ਸਾਰੇ ਦੇਸ਼ ਦਾ ਧਿਆਨ ਖਿੱਚ ਲਿਆ। ਅਨਿਲ ਵਿਜ ਦਾ ਕਹਿਣਾ ਹੈ ਕਿ ਮੋਦੀ ਦਾ ਬਰਾਂਡ ਨਾਮ, ਗਾਂਧੀ ਦੇ ਨਾਮ ਨਾਲੋਂ, ਖਾਦੀ ਦੀ 16% ਜ਼ਿਆਦਾ ਵਿਕਰੀ ਕਰ ਗਿਆ। ਅਨਿਲ ਵਿਜ ਇਥੇ ਹੀ ਨਾ ਰੁਕੇ ਸਗੋਂ ਇਹ ਵੀ ਕਹਿ ਗਏ ਕਿ ਜਦੋਂ ਦੀ ਗਾਂਧੀ ਦੀ ਤਸਵੀਰ ਸਾਡੇ ਨੋਟਾਂ ਉਤੇ ਛਪਣੀ ਸ਼ੁਰੂ ਹੋਈ ਹੈ, ਉਦੋਂ ਤੋਂ ਭਾਰਤੀ ਨੋਟ ਦੀ ਕੀਮਤ ਵੀ ਹੇਠਾਂ ਤੋਂ ਹੇਠਾਂ ਜਾ ਰਹੀ ਹੈ ਤੇ ਇਹ ਫ਼ੋਟੋ, ਭਾਰਤੀ ਨੋਟਾਂ ਤੋਂ ਛੇਤੀ ਹੀ ਹੱਟ ਜਾਣੀ ਚਾਹੀਦੀ ਹੈ। ਪ੍ਰਾਈਵੇਟ ਗੱਲਬਾਤ ਵਿਚ ਬੀ.ਜੇ.ਪੀ. ਨੇਤਾ, ਹੋਰ ਵੀ ਜ਼ਿਆਦਾ ਸਖ਼ਤ ਹਮਲੇ ਕਰ ਰਹੇ ਹਨ। ਗ਼ਲਤੀ ਕਾਂਗਰਸ ਦੀ ਹੈ ਜਿਸ ਨੇ ਹਿੰਦੁਸਤਾਨ ਦੇ ਟੁਕੜੇ ਟੁਕੜੇ ਹੋਣੋਂ ਰੋਕਣ ਵਿਚ ਨਾਕਾਮ ਰਹਿਣ ਵਾਲੇ ਆਗੂ ਨੂੰ ਭਾਰਤ ਦਾ ‘ਰਾਸ਼ਟਰ ਪਿਤਾ’ ਕਹਿ ਕੇ ਤੇ ਅਪਣਾ ਲਾਭ ਸੋਚ ਕੇ ਹੀ ਇਕ ਨਵੀਂ ਪਿਰਤ ਸ਼ੁਰੂ ਜ਼ਰੂਰ ਕੀਤੀ ਪਰ ਇਹ ਨਾ ਸੋਚਿਆ ਕਿ ਅਜਿਹੀ ਕੋਸ਼ਿਸ਼ ਨੂੰ ਜਦ ਕਿਸੇ ਦੂਜੀ ਪਾਰਟੀ ਦੀ ਚੁਨੌਤੀ ਦਾ ਮੁਕਾਬਲਾ ਕਰਨਾ ਪਵੇਗਾ ਤਾਂ ਕਿੰਨੇ ਭਲੇ ਲੋਕਾਂ ਦੇ ਦਿਲ ਟੁਟ ਜਾਣਗੇ? ਸਿਆਸਤਦਾਨਾਂ ਨੂੰ ਧਰਮ ਦਾ ਪਰਦਾ ਪਾ ਕੇ, ਅਸਲ ਨਾਲੋਂ ਵੱਡਾ ਬਣਾ ਕੇ ਪੇਸ਼ ਕਰਨਾ, ਅੰਤ ਦੁਖਦਾਈ ਹੀ ਸਾਬਤ ਹੁੰਦਾ ਹੈ ਤੇ ਰਾਸ਼ਟਰ ਨੂੰ ਵੰਡਣ ਦਾ ਕੰਮ ਹੀ ਕਰਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.