ਲੋਕਰਾਜ ਪ੍ਰਣਾਲੀ ਨੂੰ ਪ੍ਰਜਾਤੰਤਰ, ਲੋਕਤੰਤਰ ਅਤੇ ਜਮਹੂਰੀਅਤ ਆਦਿ ਨਾਵਾਂ ਨਾਲ ਵੀ ਵਿਆਖਿਅਤ ਕੀਤਾ ਜਾਂਦਾ ਹੈ। ਅੱਜ ਲੋਕਰਾਜ ਪ੍ਰਣਾਲੀ ਦੁਨੀਆਂ ਦੀ ਸੱਭ ਤੋਂ ਸਫ਼ਲ ਅਤੇ ਸਰਵੋਤਮ ਰਾਜ ਵਿਧੀ ਵਜੋਂ ਜਾਣੀ ਜਾਂਦੀ ਹੈ। ਲੋਕਰਾਜ ਵਿਚ ਲੋਕ ਅਪਣੇ ਪ੍ਰਤੀਨਿਧ ਸਿੱਧੇ ਰੂਪ ਵਿਚ ਚੁਣਦੇ ਹਨ ਜੋ ਅੱਗੇ ਜਾ ਕੇ ਦੇਸ਼ ਦੇ ਪ੍ਰਬੰਧਕੀ ਢਾਂਚੇ ਨੂੰ ਚਲਾਉਂਦੇ ਹਨ। ਜੇ ਕਿਹਾ ਜਾਵੇ ਕਿ ਲੋਕਰਾਜ ਵਿਚ ਅੰਤਮ ਫ਼ੈਸਲਾ ਲੋਕਾਂ ਦੇ ਹੱਥ ਵਿਚ ਹੁੰਦਾ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਭਾਰਤ ਵਿਚ ਵੀ ਅਸੀਂ ਪ੍ਰਸ਼ਾਸਨ ਦੀ ਲੋਕਰਾਜੀ ਵਿਧੀ ਅਪਣਾਈ ਹੈ। ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਦਿਤਾ ਗਿਆ ਹੈ। ਹਰ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਵੀ ਦਿਤਾ ਗਿਆ ਹੈ। ਬਾਕਾਇਦਾ ਚੋਣਾਂ ਹੁੰਦੀਆਂ ਹਨ। ਸੱਭ ਤੋਂ ਅਧਿਕ ਵੋਟ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਕਰਾਰ ਦਿਤਾ ਜਾਂਦਾ ਹੈ। ਪਰ ਇਹ ਸੱਭ ਕੁੱਝ ਕਹਿਣ ਦੀ ਹੀ ਗੱਲ ਹੈ। ਅੱਜ ਚੋਣਾਂ ਇਕ ਢਕੌਂਸਲਾ ਬਣ ਕੇ ਰਹਿ ਗਈਆਂ ਹਨ। ਪੈਸੇ ਵਾਲੇ ਅਤੇ ਬਾਹੂਬਲੀਆਂ ਦਾ ਰਾਜ ਹੈ। ਲੋਕਮਤ ਜਾਂ ਲੋਕਾਂ ਦੀ ਰਾਏ ਵਿਖਾਵੇ ਤੋਂ ਜ਼ਿਆਦਾ ਕੁੱਝ ਵੀ ਨਹੀਂ। ਅੱਜ ਸਾਡੀ ਸ਼ਾਸਨ ਪ੍ਰਣਾਲੀ ਨੂੰ ਲੋਕਰਾਜ ਦੀ ਬਜਾਏ ਕੋਈ ਹੋਰ ਨਾਂ ਦਿਤਾ ਜਾਣਾ ਉਚਿਤ ਹੋਵੇਗਾ। ਅਸੀਂ ਲੋਕਰਾਜ ਤਾਂ ਫਿਰ ਹੀ ਕਹਿ ਸਕਦੇ ਹਾਂ ਜੇ ਲੋਕ ਆਜ਼ਾਦ ਹੋ ਕੇ ਅਪਣੇ ਪ੍ਰਤੀਨਿਧਾਂ ਦੀ ਚੋਣ ਕਰਨ। ਲੋਕ ਅਪਣੇ ਪ੍ਰਤੀਨਧ ਦੀ ਚੋਣ ਕਰਨ ਸਮੇਂ ਆਜ਼ਾਦ ਨਹੀਂ ਹੁੰਦੇ। ਲੋਕਾਂ ‘ਤੇ ਅਨੇਕਾਂ ਤਰ੍ਹਾਂ ਦੇ ਦਬਾਅ ਹੁੰਦੇ ਹਨ। ਇਸ ਲਈ ਲੋਕ ਅਪਣੀ ਮਰਜ਼ੀ ਮੁਤਾਬਕ ਅਪਣੇ ਮੱਤ ਦਾ ਇਜ਼ਹਾਰ ਨਹੀਂ ਕਰ ਸਕਦੇ। ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ। ਵੋਟ ਜ਼ਬਰਦਸਤੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਲਾਲਚ ਦਿਤੇ ਜਾਂਦੇ ਹਨ। ਉਨ੍ਹਾਂ ਨੂੰ ਨਸ਼ਾ-ਪੱਤਾ ਦੇ ਕੇ ਮਦਹੋਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਵੋਟਾਂ ਖ਼ਰੀਦੀਆਂ ਜਾਂਦੀਆਂ ਹਨ। ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿਚ ਤਾਂ ਵੋਟਾਂ ਬੰਦੂਕ ਦੀ ਨੋਕ ਨਾਲ ਵੀ ਲਈਆਂ ਜਾਂਦੀਆ ਹਨ। ਉਨ੍ਹਾਂ ਸੂਬਿਆਂ ਵਿਚ ਬਾਹੂਬਲ ਪ੍ਰਧਾਨ ਹੈ। ਬਾਹੂਬਲੀ ਅਕਸਰ ਚੋਣਾਂ ਲੜਦੇ ਹਨ। ਹਰ ਪਾਰਟੀ ਬਾਹੂਬਲੀਆਂ ਨੂੰ ਟਿਕਟ ਦਿੰਦੀ ਹੈ। ਅਜਿਹੇ ਖੇਤਰਾਂ ਵਿਚ ਵੋਟਾਂ ਪਾਈਆਂ ਨਹੀਂ, ਪਵਾਈਆਂ ਜਾਂਦੀਆਂ ਹਨ। ਲੋਕ ਉਨ੍ਹਾ ਤੋਂ ਬਾਹਰ ਜਾਣ ਦਾ ਹੌਸਲਾ ਹੀ ਨਹੀਂ ਕਰ ਸਕਦੇ। ਚੋਣਾਂ ਵਿਚ ਲੜਾਈ ਫ਼ਸਾਦ ਜਾਂ ਮਾਰ ਮਰਾਈ ਆਮ ਗੱਲ ਹੈ। ਇਨ੍ਹਾਂ ਸੂਬਿਆਂ ਵਿਚ ਦਲਿਤਾਂ ਅਤੇ ਆਦਿ ਵਾਸੀਆਂ ਦੀ ਹਾਲਤ ਤਾਂ ਹੋਰ ਵੀ ਮਾੜੀ ਹੈ। ਉਥੇ ਇਹ ਲੋਕ ਅੱਜ ਵੀ ਅਪਣੀ ਮਰਜ਼ੀ ਮੁਤਾਬਕ ਮਤਦਾਨ ਨਹੀਂ ਕਰ ਸਕਦੇ। ਉਨ੍ਹਾਂ ਦੀ ਵੋਟ ਧੱਕੇ ਨਾਲ ਲੈ ਲਈ ਜਾਂਦੀ ਹੈ। ਕਈ ਵਾਰੀ ਤਾਂ ਉਨ੍ਹਾਂ ਦੀ ਵੋਟ ਪਹਿਲਾਂ ਹੀ ਭੁਗਤ ਚੁੱਕੀ ਹੁੰਦੀ ਹੈ। ਉਨ੍ਹਾ ਕੋਲ ਚੁੱਪ ਰਹਿਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੁੰਦਾ। ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਤਾਂ ਬਹੁਤ ਸਾਰੇ ਅਜਿਹੇ ਵੀ ਦਲਿਤ ਵਰਗ ਦੇ ਲੋਕ ਹਨ ਜਿਨ੍ਹਾਂ ਨੇ ਸਾਰੀ ਉਮਰ ਕਦੇ ਵੀ ਵੋਟ ਨਹੀਂ ਪਾਈ। ਉਨ੍ਹਾਂ ਦੀ ਵੋਟ ਜਾਂ ਤਾਂ ਬਣੀ ਹੀ ਨਹੀਂ ਜਾਂ ਉਨ੍ਹਾਂ ਦੀ ਵੋਟ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਹੀ ਪੈ ਚੁੱਕੀ ਹੁੰਦੀ ਹੈ ਜਾਂ ਉਨ੍ਹਾਂ ਨੂੰ ਵੋਟ ਪਾਉਣ ਹੀ ਨਹੀਂ ਦਿਤੀ ਜਾਂਦੀ। ਠੀਕ ਇਸ ਤਰ੍ਹਾਂ ਹੀ ਬਾਕੀ ਜਗ੍ਹਾ ਵੀ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਲੋਕ ਅਪਣੀ ਵੋਟ ਦਾ ਇਸਤੇਮਾਲ ਆਜ਼ਾਦ ਹੋ ਕੇ ਨਹੀਂ ਕਰਦੇ। ਲੋਕਾਂ ‘ਤੇ ਦਬਾਅ ਪਾਉਣਾ ਜਾਂ ਉਨ੍ਹਾਂ ਨੂੰ ਪ੍ਰਭਾਵਤ ਕਰਨਾ ਆਮ ਗੱਲ ਹੈ। ਇਹ ਬਹੁਤ ਵੱਡੇ ਪੱਧਰ ‘ਤੇ ਹੋ ਰਿਹਾ ਹੈ। ਅਜਿਹੇ ਹਾਲਾਤ ਵਿਚ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਵਿਚ ਲੋਕ ਰਾਜੀ ਪ੍ਰਣਾਲੀ ਬਿਹਤਰੀ ਨਾਲ ਕੰਮ ਕਰ ਰਹੀ ਹੈ।ਰਾਜਨੀਤਕ ਪਾਰਟੀਆਂ ਤੋਂ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਦੀ ਬਿਲਕੁਲ ਵੀ ਆਸ ਨਹੀਂ। ਲੋਕ ਜਾਤਾਂ ਧਰਮਾਂ ਅਤੇ ਫ਼ਿਰਕਿਆਂ ਤੋਂ ਬਾਹਰ ਆ ਕੇ ਹੀ ਜਮਹੂਰੀ ਕਦਰਾਂ ਕੀਮਤਾਂ ‘ਤੇ ਪਹਿਰਾ ਦੇ ਸਕਦੇ ਹਨ। ਇਸ ਮਕਸਦ ਲਈ ਲੋਕਾਂ ਨੂੰ ਆਜ਼ਾਦ ਇਰਾਦਾ ਅਤੇ ਚੇਤਨ ਸੋਚ ਰਖਣੀ ਪਵੇਗੀ। ਲੋਕਾਂ ਨੂੰ ਚੰਗੇ ਪੜ੍ਹੇ ਲਿਖੇ, ਬੇਦਾਗ਼, ਦੇਸ਼ਪ੍ਰਸਤ, ਸਮਾਜਪ੍ਰਸਤ ਵਿਅਕਤੀ ਚੁਣਨੇ ਚਾਹੀਦੇ ਹਨ। ਠੀਕ ਅਜਿਹੇ ਵਿਅਕਤੀਆਂ ਤੋਂ ਹੀ ਦੇਸ਼ ਜਾਂ ਸਮਾਜ ਕੋਈ ਆਸ ਰੱਖ ਸਕਦਾ ਹੈ। ਸਿਸਟਮ ਬਦਲਣ ਦੀ ਜ਼ਰੂਰਤ ਹੈ। ਪਾਰਟੀ ਜਾਂ ਬੰਦਾ ਬਦਲਣ ਨਾਲ ਕੁੱਝ ਨਹੀਂ ਹੋ ਸਕਦਾ। ਲੋਕ ਦੇਸ਼ ਅਤੇ ਸਮਾਜ ਦੇ ਹਿਤਾਂ ਨੂੰ ਸਾਹਮਣੇ ਰੱਖ ਕੇ ਉਮੀਦਵਾਰਾਂ ਦੀ ਚੋਣ ਕਰਨ, ਤਦ ਜਾ ਕੇ ਕੋਈ ਆਸ ਰੱਖੀ ਜਾ ਸਕਦੀ ਹੈ ਵਰਨਾ ਲੋਕ ਰਾਜ ਜਾਂ ਜਮਹੂਰੀਅਤ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਅੱਜ ਵਾਲਾ ਲੋਕਰਾਜ ਵਿਖਾਵੇ ਤੋਂ ਜ਼ਿਆਦਾ ਕੁੱਝ ਵੀ ਨਹੀਂ।