ਸੰਘ ਦੀ ਨੌਟੰਕੀ ਕੌਮ ਦੀ ਜਾਗਰੂਕਤਾ ਕਾਰਨ ਹੋਈ ਠੁੱਸ…

*ਜਸਪਾਲ ਸਿੰਘ ਹੇਰਾਂ

ਸੰਘ ਪਰਿਵਾਰ ਦੀ ਸਿੱਖੀ ‘ਚ ਘੁੱਸਪੈਠ ਨੂੰ ਸਿੱਖ ਪੰਥ ਨੇ ਦ੍ਰਿੜਤਾ ਨਾਲ ਰੋਕ ਕੇ ,ਇਸ ਭਗਵਾਂ ਬ੍ਰਿਗੇਡ ਨੂੰ ਜਿਹੜੀ ਖਾਲਸਾ ਪੰਥ ਨੂੰ ਬ੍ਰਾਹਮਣਵਾਦੀ ਰੰਗਤ ਚੜਾ ਕੇ ਹੜੱਪਣ ਦੀਆਂ ਗੋਦਾਂ ਗੁੰਦੀ ਬੈਠੀ ਹੈ, ਕਰਾਰੀ ਚਪੇੜ ਮਾਰੀ ਹੈ। ਕੌਮ ਨੇ ਇਨਾਂ ਹਿੰਦੂਤਵੀ ਤਾਕਤਾਂ ਨੂੰ ਜਿਹੜੀਆਂ ਆਪਣੇ-ਆਪ ਨੂੰ ਚਲਾਕ, ਮਕਾਰ ਤੇ ਲੋੜ ਤੋਂ ਵੱਧ ਸਿਆਣਾ ਸਮਝਦੀਆਂ ਹਨ, ਇਹ ਦੱਸ ਦਿੱਤਾ ਹੈ ਕਿ ਹੁਣ ਕੌਮ ਉਹਨਾਂ ਦੀਆਂ ਮਕਾਰ ਚਾਲਾਂ ਨੂੰ ਬਾ-ਖੂਬੀ ਸਮਝ ਚੁੱਕੀ ਹੈ। ਇਸ ਲਈ ਸਿੱਖੀ ‘ਚ ਘੁੱਸਪੈਠ ਕਰਨ, ਸਿੱਖ ਸਿਧਾਂਤਾਂ ਨੂੰ ਖੋਰਾ ਲਾ ਕੇ ਸਿੱਖੀ ਨੂੰ ਬ੍ਰਾਹਮਣਵਾਦੀ ਰੰਗ ‘ਚ ਰੰਗਣ ਦੀ ਉਸਦੀ ਸਾਜਿਸ਼ ਹੁਣ ਕਦੇ ਨੇਪਰੇ ਨਹੀ ਚੜ ਸਕੇਗੀ। ਦਸਮੇਸ਼ ਪਿਤਾ ਵਲੋਂ ਕੌਮ ਨੂੰ ਬਖਸ਼ਿਆ ਨਿਆਰਾ ਤੇ ਨਿਰਾਲਾਪਣ ਹਰ ਹੀਲੇ ਬਰਕਰਾਰ ਰਹੇਗਾ। ਕੌਮ ਦੁਸ਼ਮਣ ਤਾਕਤਾਂ ਮੂੰਹ ਦੀ ਖਾਣਗੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ, ਉਹਨਾਂ ਦੇ ਜੋਤੀ-ਜੋਤ ਸਮਾਉਣ ਵਾਲੇ ਦਿਨ ਮਨਾਉਣ ਦਾ ਪ੍ਰਪੰਚ ਰੱਚ ਕੇ, ਸੰਘ ਪਰਿਵਾਰ ਨੇ ਆਪਣੀਆਂ ਕਈ ਸਿੱਖ ਵਿਰੋਧੀ ਸਾਜਿਸ਼ਾਂ ਨੂੰ ਨੇਪਰੇ ਚੜਾਉਣ ਦਾ ਕੋਝਾ ਯਤਨ ਕੀਤਾ ਸੀ, ਜਿਹੜਾ ਕੌਮ ਦੇ ਜਾਗਣ ਕਾਰਨ ਅੱਧਵਾਟੇ ਹੀ ਰਹਿ ਗਿਆ। ਸੰਘ ਪਰਿਵਾਰ ਦੇ ਇਸ ਘੁੱਸਪੈਠ ਸਮਾਗਮਾਂ ‘ਚ ਨਾਮਧਾਰੀਆਂ ਤੇ ਨਿਰਮਲਿਆਂ ਦੇ ਇੱਕ ਧੜੇ ਨੇ ਭਰਵੀਂ ਹਾਜ਼ਰੀ ਲੁਆ ਕੇ ਸਾਫ਼ ਕਰ ਦਿੱਤਾ ਹੈ ਕਿ ਸਿੱਖੀ ਸਿਧਾਂਤਾਂ ਦੇ ਦੁਸ਼ਮਣਾਂ ਦੀ ਅੰਦਰੂਨੀ ਗੰਢ-ਤੁੱਪ ਹੈ।

ਸਿੱਖੀ ਦੇ ਨਿਆਰੇਪਣ ਨੂੰ ਖੋਰਾ ਲਾਉਣ ਵਾਲੀਆ ਭੇਖੀ ਸਿੱਖੀ ਸਰੂਪ ਵਾਲੀਆਂ ਧਿਰਾਂ ਆਪਣੇ ਇਸ ਮੰਤਵ ਲਈ ਇੱਕ ਜੁੱਟ ਹਨ। ਜਿਸ ਤਰਾਂ ਭਗਵਿਆਂ ਨੇ ਪੂਰਾ ਜ਼ੋਰ ਲਾ ਕੇ ,ਭੇਖੀ ਸਿੱਖਾਂ ਦਾ ਇੱਕਠ ਕਰਨ ਦੀ ਕੋਸ਼ਿਸ਼ ਕੀਤੀ,ਉਸ ਨੂੰ ਬੂਰ ਨਹੀਂ ਪਿਆ। ਤਾਲ ਕਟੋਰਾ ਸਟੇਡੀਅਮ ਦੇ ਇਸ ਅੰਦਰਲੇ ਹਾਲ ‘ਚ 3200 ਬੰਦਿਆਂ ਦੇ ਬੈਠਣ ਦਾ ਪ੍ਰਬੰਧ ਹੈ। ਇਸ 3200 ਦੇ ਇੱਕਠ ‘ਚ ਕਿੰਨੇ ਘੋਨ-ਮੋਨ ,ਕਿੰਨੇ ਭੇਖੀ ਸਿੱਖਾਂ ਦੇ ਨਾਲ ਆਏ ਦਿਹਾੜੀਦਾਰ ਸਨ। ਸਮਾਗਮ ਦੇ ਪ੍ਰਬੰਧਕਾਂ, ਰਾਜਨਾਥ ਸਿੰਘ ਤੇ ਆਰ ਐਸ ਐਸ ਮੁਖੀ ਮੋਹਨ ਭਗਵਤ ਵੱਲੋਂ ਇਸ ਮੁੱਦੇ ਨੂੰ ਉਭਾਰਨ ‘ਤੇ ਸਾਰਾ ਜ਼ੋਰ ਲਾ ਦਿੱਤਾ ਗਿਆ ਕਿ ਨੌਵੇਂ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਦੀਆਂ ਅਥਾਹ, ਲਾਸਾਨੀ ਕੁਰਬਾਨੀਆਂ ਹਿੰਦੂ ਧਰਮ ਦੀ ਰਾਖੀ ਲਈ ਹੀ ਕੀਤੀਆਂ ਗਈਆਂ ਸਨ। ਪ੍ਰੰਤੂ ਇਨਾਂ ਹਿੰਦੂਤਵੀ ਆਗੂਆਂ ਦੀ ਜੀਭ ‘ਤੇ ਸਿੱਖਾਂ ਦਾ ਨਿਆਰਾਪਣ, ਨਿਰਾਲਾਪਣ, ਸਿੱਖਾਂ ਦਾ ਵੱਖਰੀ ਕੌਮ ਹੋਣਾ, ਗੁਰਬਾਣੀ ਵੱਲੋਂ ਸਰਬੱਤ ਦੇ ਭਲੇ ਦਾ ਸੁਨੇਹਾ, ਇੱਕ ਵਾਰ ਵੀ ਨਹੀਂ ਆਇਆ। ਭਾਂਵੇਂ ਕਿ ਸਿੱਖ ਪੰਥ ਵੱਲੋਂ ਸੰਘ ਦੀ ਅੰਦਰੂਨੀ ਮਨਸ਼ਾ ਨੂੰ ਤਾੜਦਿਆਂ ਦਸਮੇਸ਼ ਪਿਤਾ ਦੇ ਆਗਮਨ ਦਿਹਾੜੇ ਦੀ ਆੜ ‘ਚ ਕੀਤੇ ਜਾ ਰਹੇ ਇਸ “ਘੁਸਪੈਠ ਸਮਾਗਮ” ਦੀ ਪਹਿਲਾਂ ਹੀ ਫੂਕ ਕੱਢ ਦਿੱਤੀ ਗਈ ਸੀ। ਪ੍ਰੰਤੂ ਹਿੰਦੂਤਵੀ ਆਗੂਆਂ ਨੇ ਬਹੁਗਿਣਤੀ ਦੀ ਘਟੱਗਿਣਤੀ ਨੂੰ ਹੜੱਪਣ ਦੀ, ਆਪਣੇ ਮੁਫ਼ਾਦ ਲਈ ਵਰਤਣ ਦੀ ਗੰਦੀ ਸੋਚ ਵੀ ਪੂਰੀ ਤਰਾਂ ਨੰਗੀ ਹੋ ਗਈ।

ਅਸੀਂ ਸਮਝਦੇ ਹਾਂ ਕਿ ਸੰਘ ਦੇ ਇਸ ਡੂੰਘੇ ਤੇ ਤਕੜੇ ਹੱਲੇ ਨੇ ਕੌਮ ਨੂੰ ਜਗਾਇਆ ਵੀ ਹੈ,ਸਿਆਣਾ ਵੀ ਬਣਾਇਆ ਹੈ। ਦੁਸ਼ਮਣ ਤਾਕਤਾਂ ਦੀਆ ਚਾਲਾਂ ਨੂੰ ਅਗਾਊਂ ਭਾਂਪਣਾ ਵੀ ਸਿਖਾਇਆ ਹੈ। ਭਾਂਵੇਂ ਭਗਵਾਂ ਬ੍ਰਿਗੇਡ ਸਿੱਖੀ ‘ਚ ਘੁਸਪੈਠ ਦੇ ਇਸ ਹਮਲੇ ‘ਚ ਪੂਰੀ ਤਰਾਂ ਨਾਕਾਮ ਰਹੀ ਹੈ। ਪ੍ਰੰਤੂ ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਸਿੱਖ ਦੁਸ਼ਮਣ ਤਾਕਤਾਂ ਹਾਰ ਗਈਆਂ ਹਨ। ਇਨਾਂ ਦਾ ਅਗਲਾ ਹੱਲਾ, ਕਿੰਨਾ ਖਤਰਨਾਕ ਤੇ ਲੁਕਵਾਂ ਹੋਵੇਗਾ, ਉਸਦਾ ਅੰਦਾਜ਼ਾ ਅੱਜ ਹੀ ਲਾਉਣਾ ਅਤੇ ਉਸ ਆਗਾਮੀ ਹੱਲੇ ਦਾ ਮੋੜਵਾਂ ਜਵਾਬ ਦੇਣ ਦੀ ਤਿਆਰੀ ਵੀ ਜ਼ਰੂਰੀ ਹੈ। ਇਸ ਸਮਾਗਮ ਪਿੱਛੇ ਕਿਹੜੇ-ਕਿਹੜੇ ਕਾਰਨ ਸਨ, ਉਹ ਭਾਂਵੇਂ ਆਉਂਦੇ ਦਿਨਾਂ ‘ਚ ਹੋਰ ਸਪੱਸ਼ਟ ਹੋਣਗੇ, ਪ੍ਰੰਤੂ ਕੌਮ ਨੂੰ, ਕੌਮ ਦੇ ਦੁਸ਼ਮਣਾਂ ਵੱਲੋਂ ਭੇਖੀ ਸਿੱਖੀ ਸਰੂਪ ‘ਚ ਕੀਤੇ ਹਮਲੇ ਨੂੰ ਪਛਾਣ ਕੇ, ਉਸਦਾ ਮੋੜਵਾਂ ਜਵਾਬ ਦੇਣ ਨੂੰ ਅਸੀਂ ਨਵੇਂ ਚੜਨ ਵਾਲੇ ਸੂਰਜ ਦੀਆ ਪਹਿਲੀਆ ਕਿਰਨਾਂ ਦਾ ਚਾਨਣ ਮੰਨ ਕੇ, ਕੌਮ ਦੇ ਰੌਸ਼ਨ ਭੱਿਵਖ ਦੀ ਉਮੀਦ ਜ਼ਰੂਰ ਜਗਾ ਬੈਠੇ ਹਾਂ।

Be the first to comment

Leave a Reply