ਮਾਨਵ ਅਧਿਕਾਰਾਂ ਦੇ ਰਾਖੇ ਸ੍ਰੀ ਗੁਰੂ ਤੇਗ਼ ਬਹਾਦਰ

ਸਿੱਖ ਧਰਮ ਦੇ ਪਰਵਰਤਕ ਗੁਰੂ ਨਾਨਕ ਦੇਵ ਜੀ (1469-1539 ਈ:) ਨੇ ਮਾਨਵ-ਅਧਿਕਾਰਾਂ ਦੇ ਪੱਖ ਵਿਚ ਅਜਿਹੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਜੋ ਕਰੀਬ 250 ਸਾਲ ਇਸ ਦੀ ਪੂਰਤੀ ਲਈ ਦਸ-ਜਾਮਿਆਂ (ਸ੍ਰੀ ਗੁਰੂ ਗੋਬਿੰਦ ਸਿੰਘ, 1666-1708 ਈ:) ਤੱਕ ਬਰਕਰਾਰ ਰਹੀ। ਮਾਨਵਤਾ ਦੇ ਇਸ ਸੱਚੇ-ਸੁੱਚੇ ਰਹਿਬਰ ਤੇ ਅਲਮ-ਬਰਦਾਰ ਨੇ ਮਾਨਵ-ਅਧਿਕਾਰਾਂ ਦੀ ਰਾਖੀ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰੀਬ 40 ਹਜ਼ਾਰ ਮੀਲ ਦਾ ਪੈਂਡਾ ਪੈਦਲ ਤੈਅ ਕੀਤਾ। ਉਨ੍ਹਾਂ ਦੇ ਸਮੇਂ ਵਿਚ ਜਿਨ੍ਹਾਂ ਲੋਕਾਂ ਨੂੰ ਅਖੌਤੀ ਨੀਵੀਆਂ ਜਾਤਾਂ ਦੇ ਕਹਿ ਕੇ ਦੁਰਕਾਰਿਆ ਜਾਂਦਾ ਸੀ, ਉਨ੍ਹਾਂ ਨਾਲ ਇਕਮਿਕ ਹੁੰਦਿਆਂ ਉਨ੍ਹਾਂ ਨੇ ਐਲਾਨ ਕੀਤਾ :

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ||

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ||

ਜਿਥੈ ਨੀਚ ਸਮਾਲੀਅਨ ਤਿਥੈ ਨਦਰਿ ਤੇਰੀ ਬਖਸੀਸ||

(ਗੁਰੂ ਗ੍ਰੰਥ ਸਾਹਿਬ, ਪੰਨਾ 15)

ਗੁਰੂ ਨਾਨਕ ਦੇਵ ਜੀ ਨੇ ਸਿਰਫ਼ ਆਦਮੀਆਂ ਦੇ ਅਧਿਕਾਰਾਂ ਦਾ ਹੀ ਬੀੜਾ ਨਹੀਂ ਉਠਾਇਆ, ਸਗੋਂ ਉਨ੍ਹਾਂ ਨੇ ਸਦੀਆਂ ਤੋਂ ਲਤਾੜੀ, ਦੱਬੀ ਤੇ ਤ੍ਰਿਸਕ੍ਰਿਤ ਔਰਤ ਦੇ ਪੱਖ ਵਿਚ ਵੀ ਲੋਕਾਂ ਨੂੰ ਜਾਗ੍ਰਿਤ ਕੀਤਾ :

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ||

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ||

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ||

ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ||

(ਗੁਰੂ ਗ੍ਰੰਥ ਸਾਹਿਬ, ਪੰਨਾ 473)

ਸਤਾਰ੍ਹਵੀਂ ਸਦੀ ਵਿਚ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਨੌਵੇਂ ਵਾਰਿਸ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜੋ ਬੇਮਿਸਾਲ ਕੁਰਬਾਨੀ ਦਿੱਤੀ, ਉਹ ਸੰਸਾਰ ਦੇ ਇਤਿਹਾਸ ਵਿਚ ਕਿਧਰੇ ਵੀ ਨਹੀਂ ਮਿਲਦੀ। ਆਪ ਦਾ ਜਨਮ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਪਹਿਲੀ ਅਪ੍ਰੈਲ 1621 ਈ. ਨੂੰ ਹੋਇਆ। ਆਪ ਲਗਪਗ 11 ਸਾਲ (ਮਾਰਚ 1664 ਤੋਂ ਨਵੰਬਰ 1675) ਤੱਕ ਗੁਰਗੱਦੀ ‘ਤੇ ਬਿਰਾਜਮਾਨ ਰਹੇ। ਬਾਲਾ-ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਿੱਲੀ ਵਿਖੇ ਜੋਤੀ-ਜੋਤਿ ਸਮਾਉਣ ਸਮੇਂ ਕਹੇ ਗਏ ਸ਼ਬਦ ‘ਬਾਬਾ ਬਕਾਲੇ’ ਨੂੰ ਪ੍ਰਗਟ ਕਰਨ ਦਾ ਸੁਭਾਗ ਮੱਖਣ ਸ਼ਾਹ ਲੁਬਾਣਾ ਨੂੰ ਜਾਂਦਾ ਹੈ, ਜਿਸ ਨੇ ‘ਗੁਰੂ ਲਾਧੋ ਰੇ’ ਪੁਕਾਰ ਕੇ ਭੇਖੀਆਂ ਦਾ ਪਰਦਾਫਾਸ਼ ਕੀਤਾ ਸੀ।

ਗੁਰੂ ਤੇਗ਼ ਬਹਾਦਰ ਜੀ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੂਜੇ ਅਜਿਹੇ ਰਹਿਬਰ ਸਨ, ਜਿਨ੍ਹਾਂ ਨੇ ਦੁਖੀਆਂ-ਦਰਦੀਆਂ ਦੇ ਉਧਾਰ ਲਈ ਲੰਮੀਆਂ ਯਾਤਰਾਵਾਂ ਕੀਤੀਆਂ। ਉਨ੍ਹਾਂ ਦੇ ਸਮੇਂ ਵਿਚ ਦਿੱਲੀ ਦੇ ਤਖ਼ਤ ਉਤੇ ਬਿਰਾਜਮਾਨ ਔਰੰਗਜ਼ੇਬ ਇਕ ਕੱਟੜ ਤੇ ਤਅੱਸਬੀ ਫ਼ਿਰਕੂ ਬਾਦਸ਼ਾਹ ਸੀ, ਜੋ ਗ਼ੈਰ-ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣ, ਉਨ੍ਹਾਂ ਦੀ ਹੱਤਿਆ ਕਰਨ ਜਾਂ ਉਨ੍ਹਾਂ ਦੇ ਧਾਰਮਿਕ-ਸਥਾਨਾਂ ਦੀ ਬਰਬਾਦੀ ਦਾ ਕਾਰਨ ਬਣਿਆ ਹੋਇਆ ਸੀ। 1665 ਈ: ਵਿਚ ਉਨ੍ਹਾਂ ਨੇ ਪੂਰਬ ਦਿਸ਼ਾ ਦੀ ਯਾਤਰਾ ਕੀਤੀ। ਉਹ ਸਿੱਖਾਂ ਨੂੰ ਜਥੇਬੰਦ ਕਰਕੇ ਏਨੇ ਸ਼ਕਤੀਸ਼ਾਲੀ ਹੋ ਗਏ ਸਨ ਕਿ ਕਈ ਹਜ਼ਾਰ ਗੁਰਸਿੱਖ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੇ ਸਨ। ਕੀਰਤਪੁਰ ਸਾਹਿਬ ਨੇੜੇ ਇਕ ਪਿੰਡ ਵਿਚ ਪਏ ਕਾਲ ਦੀ ਕਾਰੋਪੀ ਤੋਂ ਮੁਕਤੀ ਲਈ ਆਪ ਨੇ ਲੋਕਾਂ ਲਈ ਰੋਟੀ-ਕੱਪੜੇ ਦਾ ਪ੍ਰਬੰਧ ਕੀਤਾ।

1667 ਵਿਚ ਆਸਾਮ ਦੇ ਰਾਜੇ ਚੱਕਰਧਵੱਜ ਸਿੰਹ ਨੇ ਗੋਹਾਟੀ ਸ਼ਹਿਰ ਮੁਗ਼ਲਾਂ ਕੋਲੋਂ ਹਥਿਆ ਲਿਆ ਤਾਂ ਅਗਲੇ ਵਰ੍ਹੇ ਔਰੰਗਜ਼ੇਬ ਨੇ ਰਾਜ ਰਾਮ ਸਿੰਹ ਨੂੰ ਗੋਹਾਟੀ ‘ਤੇ ਕਬਜ਼ਾ ਕਰਨ ਲਈ ਸੈਨਾ ਸਮੇਤ ਭੇਜਿਆ। ਇਥੇ ਜਾਦੂਗਰਨੀਆਂ ਦਾ ਪ੍ਰਭਾਵ ਹੋਣ ਕਰਕੇ ਸ਼ਾਹੀ ਫ਼ੌਜ ਕੋਈ ਖ਼ਤਰਾ ਮੁੱਲ ਲੈਣ ਤੋਂ ਘਬਰਾਉਂਦੀ ਸੀ। ਰਾਜਾ ਰਾਮ ਸਿੰਹ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਗਿਆ ਅਤੇ ਉਨ੍ਹਾਂ ਪਾਸੋਂ ਸਹਾਇਤਾ ਅਤੇ ਅਸ਼ੀਰਵਾਦ ਦੀ ਬੇਨਤੀ ਕੀਤੀ। ‘ਹਿੰਦ ਦੀ ਚਾਦਰ’ ਸਤਿਗੁਰੂ ਨੇ ਰਾਜਸੀ ਝਗੜੇ ਨੂੰ ਨਿਪਟਾਉਣ ਲਈ ਹਾਮੀ ਭਰ ਦਿੱਤੀ ਅਤੇ 1669 ਵਿਚ ਰਾਮ ਸਿੰਹ ਨੂੰ ਨਾਲ ਲੈ ਕੇ ਢੁਬਰੀ ਪਹੁੰਚ ਕੇ ਦਰਿਆ ਬ੍ਰਹਮਪੁੱਤਰ ਦੇ ਕਿਨਾਰੇ ਟਿਕਾਣਾ ਕੀਤਾ ਅਤੇ ਇਸ ਮਸਲੇ ਨੂੰ ਸੁਲਝਾਉਣ ਵਿਚ ਪ੍ਰਭਾਵੀ ਰੋਲ ਅਦਾ ਕੀਤਾ। ਇਸ ਤੋਂ ਵੀ ਇਹ ਸਪੱਸ਼ਟ ਹੁੰਦਾ ਹੈ ਕਿ ਆਪ ਅਮਨ ਤੇ ਮਾਨਵ-ਅਧਿਕਾਰਾਂ ਦੀ ਰਾਖੀ ਲਈ ਅਮੀਰ ਜਾਂ ਗਰੀਬ, ਉਚੇ ਜਾਂ ਨੀਵੇਂ ਦਾ ਵਿਤਕਰਾ ਨਹੀਂ ਕਰਦੇ ਸਨ।

ਪ੍ਰਚਾਰ-ਦੌਰਿਆਂ ਦੌਰਾਨ ਹੀ ਗੁਰੂ ਜੀ ਨੂੰ ਆਪਣੇ ਘਰ ਪਟਨਾ ਸਾਹਿਬ ਵਿਖੇ ਇਕ ਬੱਚੇ (ਗੋਬਿੰਦ ਰਾਏ, ਜੋ ਪਿੱਛੋਂ ਗੁਰੂ ਗੋਬਿੰਦ ਸਿੰਘ ਬਣੇ) ਦੇ ਆਗਮਨ ਦੀ ਸੂਚਨਾ ਮਿਲੀ। ਪਰ ਆਪ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪਣੀਆਂ ਯਾਤਰਾਵਾਂ ਜਾਰੀ ਰੱਖੀਆਂ, ਕਿਉਂਕਿ ਉਨ੍ਹਾਂ ਦੇ ਦਿਲ ਵਿਚ ਦੁਖੀਆਂ ਅਤੇ ਲੋੜਵੰਦਾਂ ਲਈ ਅਥਾਹ ਪਿਆਰ ਸੀ। ਆਪ ਨੇ ਉਦੋਂ ਆਪਣੇ ਬੇਟੇ ਨੂੰ ਵੇਖਿਆ, ਜਦੋਂ ਬੱਚਾ ਕਰੀਬ ਚਾਰ ਸਾਲ ਦਾ ਹੋ ਚੁੱਕਾ ਸੀ।

ਡਾ: ਤਰਲੋਚਨ ਸਿੰਘ ਨੇ ਆਪਣੀ ਪੁਸਤਕ ‘ਗੁਰੂ ਤੇਗ ਬਹਾਦਰ’ ਵਿਚ ਸਪੱਸ਼ਟ ਕੀਤਾ ਹੈ ਕਿ ਗੁਰੂ ਜੀ ਆਪਣੇ ਸਪੁੱਤਰ, ਮਹਿਲ ਅਤੇ ਮਾਤਾ ਜੀ ਸਮੇਤ 1671 ਈ. ਦੇ ਸ਼ੁਰੂ ਵਿਚ ਅਨੰਦਪੁਰ ਸਾਹਿਬ ਪਹੁੰਚ ਗਏ। ਇਹ ਉਹ ਥਾਂ ਸੀ, ਜਿਸ ਨੂੰ ਆਪ ਨੇ ਕਹਿਲੂਰ ਦੇ ਰਾਜੇ ਪਾਸੋਂ ਮੁੱਲ ਖ਼ਰੀਦਿਆ ਸੀ ਤੇ ਜਿਸ ਦਾ ਮੁਢਲਾ ਨਾਂਅ ‘ਚੱਕ ਨਾਨਕੀ’ ਸੀ। ਇਨ੍ਹਾਂ ਹੀ ਦਿਨਾਂ ਵਿਚ ਔਰੰਗਜ਼ੇਬ ਨੇ ਗ਼ੈਰ ਮੁਸਲਮਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ : ਸੂਫ਼ੀ ਫ਼ਕੀਰ ਵੀ ਕਤਲ ਕੀਤੇ ਜਾ ਰਹੇ ਸਨ, ਹਿੰਦੂਆਂ ਉਤੇ ‘ਜਜ਼ੀਆ’ ਨਾਂਅ ਦਾ ਟੈਕਸ ਲਾ ਦਿੱਤਾ ਗਿਆ ਸੀ, ਹਿੰਦੂਆਂ ਦੇ ਮੰਦਰਾਂ ਤੇ ਮੂਰਤੀਆਂ ਦੀ ਬੇਅਦਬੀ ਕੀਤੀ ਜਾ ਰਹੀ ਸੀ, ਜਾਇਦਾਦ ਦੇ ਝਗੜਿਆਂ ਵਿਚ ਸਾਰੇ ਫ਼ੈਸਲੇ ਮੁਸਲਮਾਨਾਂ ਦੇ ਹੱਕ ਵਿਚ ਕੀਤੇ ਜਾ ਰਹੇ ਸਨ, ਮੁਸਲਮਾਨ ਬਣਨ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਸਨ, ਇਤਿਆਦਿ।

ਔਰੰਗਜ਼ੇਬ ਦੇ ਆਦੇਸ਼ ਤੇ ਕਸ਼ਮੀਰ ਦੇ ਸੂਬੇਦਾਰ ਇਫਤਿਖ਼ਾਰ ਖਾਂ ਨੇ ਹਿੰਦੂਆਂ ਉਤੇ ਜ਼ੁਲਮਾਂ ਦੀ ਇੰਤਹਾ ਕਰ ਦਿੱਤੀ ਸੀ। ਉਸ ਦੇ ਤਸ਼ੱਦਦ ਤੋਂ ਤੰਗ ਆ ਕੇ ਕਸ਼ਮੀਰ ਦੇ ਕੁਝ ਬ੍ਰਾਹਮਣ ਅਮਰਨਾਥ ਮੰਦਰ ਵਿਚ ਇਕੱਠੇ ਹੋਏ ਅਤੇ ਸੰਕਟ ਦੇ ਨਿਵਾਰਣ ਲਈ ਵਿਚਾਰ-ਵਟਾਂਦਰਾ ਕੀਤਾ, ਜਿਥੇ ਉਨ੍ਹਾਂ ਨੂੰ ਧਰਮ-ਰੱਖਿਅਕ ਸਤਿਗੁਰੂ ਗੁਰੂ ਤੇਗ਼ ਬਹਾਦਰ ਬਾਰੇ ਪਤਾ ਲੱਗਾ। ਸੰਕਟ-ਮੁਕਤੀ ਲਈ ਪੰਜ ਸੌ ਬ੍ਰਾਹਮਣ ਪੰਡਿਤ ਕਿਰਪਾ ਰਾਮ ਦੱਤ (ਮਟਨ ਨਿਵਾਸੀ, ਸ੍ਰੀ ਨਗਰ) ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਵਿਚ ਪਹੁੰਚੇ।

ਪੰਡਿਤਾਂ ਦੀ ਵਿਥਿਆ ਸੁਣ ਕੇ ਗੁਰੂ ਜੀ ਸੋਚੀਂ ਪੈ ਗਏ ਤਾਂ ਬਾਲ (ਗੁਰੂ) ਗੋਬਿੰਦ (ਸਿੰਘ) ਜੀ, ਜੋ ਉਦੋਂ ਕਰੀਬ ਨੌਂ ਸਾਲ ਦੇ ਸਨ, ਨੇ ਪਿਤਾ ਜੀ ਤੋਂ ਕਾਰਨ ਪੁੱਛਿਆ। ਨਿਰਭਉ ਤੇ ਨਿਰਵੈਰ ਸਤਿਗੁਰੂ ਨੇ ਜਵਾਬ ਦਿੱਤਾ ਕਿ ਇਨ੍ਹਾਂ ਦੇ ਧਰਮ ਨੂੰ ਬਚਾਉਣ ਲਈ ਕਿਸੇ ਮਹਾਨ ਪੁਰਖ ਦੇ ਬਲੀਦਾਨ ਦੀ ਜ਼ਰੂਰਤ ਹੈ। ਮਾਸੂਮ (ਗੁਰੂ) ਗੋਬਿੰਦ ਨੇ ਸਹਿਜ-ਸੁਭਾਵਕ ਕਿਹਾ, ‘ਤਾਂ ਆਪ ਤੋਂ ਮਹਾਨ ਹੋਰ ਕੌਣ ਹੋ ਸਕਦਾ ਹੈ?’ ਗੁਰੂ ਤੇਗ਼ ਬਹਾਦਰ ਜੀ ਨੇ ਨਿਸ਼ਚਿੰਤ ਹੋ ਕੇ ਪੰਡਿਤਾਂ ਨੂੰ ਕਿਹਾ ‘ਆਪਣੇ ਸੂਬੇ ਦੇ ਹਾਕਮ ਨੂੰ ਕਹਿ ਦਿਓ ਕਿ ਸਾਡਾ ਆਗੂ ਗੁਰੂ ਤੇਗ਼ ਬਹਾਦਰ ਹੈ, ਜੇ ਉਹ ਮੁਸਲਮਾਨ ਬਣ ਜਾਵੇ ਤਾਂ ਅਸੀਂ ਸਾਰੇ ਇਸਲਾਮ ਧਾਰਨ ਕਰ ਲਵਾਂਗੇ।’

ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਦੇ ਦੱਸੇ ਅਨੁਸਾਰ ਇਫ਼ਤਿਖ਼ਾਰ ਖਾਂ ਨੂੰ ਸੂਚਨਾ ਦੇ ਦਿੱਤੀ ਤੇ ਉਹਦੇ ਰਾਹੀਂ ਔਰੰਗਜ਼ੇਬ ਤੱਕ ਇਹ ਗੱਲ ਪਹੁੰਚ ਗਈ। ਔਰੰਗਜ਼ੇਬ ਤਾਂ ਪਹਿਲਾਂ ਹੀ ਗੁਰੂ ਜੀ ਦੇ ਧਰਮ-ਉਪਦੇਸ਼ਾਂ ਨੂੰ ਇਸਲਾਮ ਲਈ ਖ਼ਤਰਾ ਸਮਝ ਰਿਹਾ ਸੀ। ਉਸ ਨੇ ਤੁਰੰਤ ਗੁਰੂ ਜੀ ਦੀ ਗ੍ਰਿਫ਼ਤਾਰੀ ਦੇ ਹੁਕਮ ਦੇ ਦਿੱਤੇ। ਪਰ ਗੁਰੂ ਜੀ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦੇ ਹੋਏ ਜੁਲਾਈ 1675 ਈ: ਨੂੰ ਖ਼ੁਦ-ਬ-ਖ਼ੁਦ ਪਰਿਵਾਰ ਤੋਂ ਅੰਤਿਮ ਵਿਦਾਇਗੀ ਲੈ ਕੇ ਦਿੱਲੀ ਵੱਲ ਚੱਲ ਪਏ। ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲਾ ਅਤੇ ਆਖ਼ਰੀ ਮੌਕਾ ਸੀ ਜਦੋਂ ਮਕਤੂਲ ਨੇ ਮਕਤਲ ਵਿਚ ਜਾ ਕੇ ਕਾਤਲ ਨੂੰ ਵੰਗਾਰਿਆ। ਹਕੂਮਤ ਕੋਈ ਜੋਖ਼ਮ ਨਹੀਂ ਉਠਾਉਣਾ ਚਾਹੁੰਦੀ ਸੀ, ਇਸ ਲਈ ਰੋਪੜ ਪੁਲਿਸ ਚੌਕੀ ਦੇ ਦਾਰੋਗੇ ਮਿਰਜ਼ਾ ਨੂਰ ਮੁਹੰਮਦ ਨੇ ਗੁਰੂ ਜੀ ਅਤੇ ਬਾਕੀ ਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਸਰਹਿੰਦ ਪਹੁੰਚਾ ਦਿੱਤਾ। ਬਸੀ ਪਠਾਣਾਂ ਦੇ ਬੰਦੀਖਾਨੇ ਵਿਚ ਕਰੀਬ ਚਾਰ ਮਹੀਨੇ ਉਨ੍ਹਾਂ ਨੂੰ ਸਖ਼ਤ ਤਸੀਹੇ ਦਿੱਤੇ ਗਏ ਅਤੇ ਦਿੱਲੀ ਲਿਜਾ ਕੇ ਇਕ ਪਿੰਜਰੇ ਵਿਚ ਕੈਦ ਕਰ ਦਿੱਤਾ ਗਿਆ। ਔਰੰਗਜ਼ੇਬ ਨੇ ਉਨ੍ਹਾਂ ਅੱਗੇ ਤਿੰਨ ਪੇਸ਼ਕਸ਼ਾਂ ਕੀਤੀਆਂ : ਇਸਲਾਮ ਕਬੂਲ ਕਰਨਾ, ਕਰਾਮਾਤ ਵਿਖਾਉਣੀ ਜਾਂ ਮੌਤ ਪ੍ਰਵਾਨ ਕਰਨੀ। ਗੁਰੂ ਜੀ ਨੇ ਹਕੂਮਤ ਦੀਆਂ ਪਹਿਲੀਆਂ ਦੋਵੇਂ ਪੇਸ਼ਕਸ਼ਾਂ ਠੁਕਰਾ ਦਿੱਤੀਆਂ ਅਤੇ ਐਲਾਨ ਕੀਤਾ ਕਿ ਉਹ ਤਾਂ ਮਨੁੱਖ ਦੇ ਜਿਊਣ ਦੇ ਅਧਿਕਾਰ ਅਤੇ ਸੁਤੰਤਰਤਾ ਲਈ ਬਲੀਦਾਨ ਦੇਣ ਵਾਸਤੇ ਆਏ ਹਨ। ਗੁਰੂ ਜੀ ਨੂੰ ਡਰਾਉਣ-ਧਮਕਾਉਣ ਲਈ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਰਮ-ਸਿੱਖਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ, ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਨਾਲ ਸਾੜ ਦਿੱਤਾ ਗਿਆ ਅਤੇ ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਉਬਾਲ ਦਿੱਤਾ ਗਿਆ। ਪਰ ਗੁਰੂ ਦੇ ਸਿੱਖਾਂ ਨੇ ‘ਸੀ’ ਤੱਕ ਨਾ ਕੀਤੀ ਅਤੇ ਗੁਰੂ ਜੀ ਵੀ ਸਭ ਕੁਝ ਵੇਖਦੇ ਹੋਏ ਅਡੋਲ ਰਹੇ। ਔਰੰਗਜ਼ੇਬ ਦੇ ਹੁਕਮ ਨਾਲ ਆਪ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਇਕ ਬੋਹੜ ਦੇ ਰੁੱਖ ਹੇਠਾਂ ਆਮ ਜਨਤਾ ਦੇ ਸਾਹਮਣੇ 11 ਨਵੰਬਰ, 1675 ਈ. ਨੂੰ ਧੜ ਨਾਲੋਂ ਸੀਸ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸੇਵਾ ਸਿੰਘ ਰਚਿਤ ‘ਸ਼ਹੀਦ ਬਿਲਾਸ’ ਅਨੁਸਾਰ ਜਦੋਂ ਹਿੰਦੁਸਤਾਨ ਵਿਚ ਅੰਧਘੋਰ ਮਚਿਆ ਹੋਇਆ ਸੀ, ਔਰੰਗਜ਼ੇਬੀ ਜ਼ੁਲਮਾਂ ਅਤੇ ਅਤਿਆਚਾਰਾਂ ਦੀ ਹੱਦ ਹੋ ਚੁੱਕੀ ਸੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸਰੀਰ ਰੂਪੀ ਚਾਦਰ ਪਾ ਕੇ ਤਿਲਕ ਅਤੇ ਜੰਞੂ ਦੀ ਲਾਜ ਰੱਖੀ। ਐਮ.ਏ. ਮੈਕਾਲਿਫ ਨੇ ਲਿਖਿਆ ਹੈ ‘ਇਸ ਸ਼ਹਾਦਤ ਦੀ ਤੁਲਨਾ ਦੁਨੀਆ ਦੀ ਕਿਸੇ ਘਟਨਾ ਨਾਲ ਨਹੀਂ ਕੀਤੀ ਜਾ ਸਕਦੀ। ਇਹ ਆਪਣੇ ਆਪ ਵਿਚ ਇਕ ਵੱਖਰੀ, ਅਨੋਖੀ ਅਤੇ ਅਲੌਕਿਕ ਘਟਨਾ ਹੈ।’ ਲਾਲਾ ਦੌਲਤ ਰਾਏ ਦਾ ਕਥਨ ਹੈ ‘ਆਜ ਤਕ ਯਿਹ ਤੋ ਹੂਆ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ, ਯਿਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਆਏ, ਐਸਾ ਕਰਕੇ ਗੁਰੂ ਤੇਗ਼ ਬਹਾਦਰ ਨੇ ਉਲਟੀ ਗੰਗਾ ਬਹਾ ਦੀ।’

ਗੁਰੂ ਤੇਗ਼ ਬਹਾਦਰ ਜੀ ਸੰਸਾਰ ਦੇ ਇਤਿਹਾਸ ਵਿਚ ਅਜਿਹੇ ਪਹਿਲੇ ਧਾਰਮਿਕ-ਵਿਅਕਤੀ ਹੋ ਗੁਜ਼ਰੇ ਹਨ, ਜਿਨ੍ਹਾਂ ਦੇ ਸੀਸ ਅਤੇ ਧੜ੍ਹ ਦਾ ਸਸਕਾਰ ਵੱਖ-ਵੱਖ ਥਾਂਵਾਂ ‘ਤੇ ਹੋਇਆ। ਗੁਰੂ ਜੀ ਦਾ ਪਾਵਨ ਸੀਸ ਭਾਈ ਜੈਤਾ ਜੀ (ਰੰਘਰੇਟਾ, ਜੋ ਪਿੱਛੋਂ ਬਾਬਾ ਜੀਵਨ ਸਿੰਘ ਦੇ ਨਾਂਅ ਨਾਲ ਪ੍ਰਸਿੱਧ ਹੋਏ) ਦਿੱਲੀ ਤੋਂ ਚੁੱਕ ਕੇ ਲੁਕਦੇ-ਲੁਕਾਉਂਦੇ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ, ਜਿਥੇ ਗੁਰੂ ਗੋਬਿੰਦ ਸਿੰਘ ਵਲੋਂ ਗੁਰਦੁਆਰਾ ਸੀਸ ਗੰਜ ਵਾਲੇ ਸਥਾਨ ‘ਤੇ ਸਸਕਾਰ ਕੀਤਾ ਗਿਆ; ਜਦ ਕਿ ਭਾਈ ਲੱਖੀ ਸ਼ਾਹ ਵਣਜਾਰਾ ਨੇ ਆਪਣੇ ਪੁੱਤਰਾਂ ਨਗਾਹੀਆ, ਭਾਈ ਊਦਾ, ਭਾਈ ਗੁਰਦਿੱਤਾ ਦੀ ਸਹਾਇਤਾ ਨਾਲ ਗੁਰੂ ਜੀ ਦੇ ਪਾਵਨ ਸਰੀਰ ਨੂੰ ਇਕ ਰੂੰ ਦੇ ਗੱਡੇ ਵਿਚ ਰੱਖ ਲਿਆ ਤੇ ਰੂੰ ਵਿਚ ਲੁਕੋ ਲਿਆ। ਆਪਣੇ ਪਿੰਡ ਰਕਾਬਗੰਜ ਵਿਚ ਘਰ ਪਹੁੰਚ ਕੇ ਭਾਈ ਲੱਖੀ ਸ਼ਾਹ ਨੇ ਚਿਖਾ ਤਿਆਰ ਕੀਤੀ ਅਤੇ ਘਰ ਨੂੰ ਸਾਰੇ ਸਾਮਾਨ ਸਮੇਤ ਅੱਗ ਲਾ ਕੇ ਪਾਵਨ ਦੇਹ ਦਾ ਸਸਕਾਰ ਕੀਤਾ। ਇਥੇ ਅੱਜਕੱਲ੍ਹ ਗੁਰਦੁਆਰਾ ਰਕਾਬਗੰਜ ਸੁਸ਼ੋਭਿਤ ਹੈ।

ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਜੀਵਨ-ਕਾਲ ਵਿਚ ਜਿਥੇ ਲੋਕ ਭਲਾਈ ਦੇ ਕਾਰਜ ਕੀਤੇ, ਉਥੇ ਕੱਟੜ ਔਰੰਗਜ਼ੇਬ ਦੇ ਜ਼ਾਲਮ ਰਾਜ ਵਿਚ ਪ੍ਰਭਾਵਿਤ ਜਨਤਾ ਨੂੰ ਦਲੇਰੀ ਅਤੇ ਨਿਰਭੈਤਾ ਨਾਲ ਇੱਜ਼ਤ-ਮਾਣ ਨਾਲ ਜੀਵਨ ਜੀਣ ਦੀ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਵੀ ਦ੍ਰਿੜ੍ਹ ਕਰਵਾਈ :

ਜੇ ਜੀਵੈ ਪਤਿ ਲਥੀ ਜਾਇ||

ਸਭੁ ਹਰਾਮੁ ਜੇਤਾ ਕਿਛੁ ਖਾਇ||

(ਗੁਰੂ ਗ੍ਰੰਥ ਸਾਹਿਬ, ਪੰਨਾ 142)

ਇਸ ਦੇ ਨਾਲ-ਨਾਲ ਉਨ੍ਹਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਜ਼ੁਲਮ ਕਰਨਾ ਹੀ ਪਾਪ ਨਹੀਂ, ਸਗੋਂ ਜ਼ੁਲਮ ਸਹਿਣਾ ਵੀ ਪਾਪ ਹੈ। ਉਨ੍ਹਾਂ ਦਾ ਇਹ ਵੀ ਸੰਦੇਸ਼ ਸੀ ਕਿ ਨਾ ਕਿਸੇ ਤੋਂ ਡਰੋ ਅਤੇ ਨਾ ਹੀ ਕਿਸੇ ਨੂੰ ਡਰਾਓ :

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤੁ ਆਨ||

ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ||

(ਗੁਰੂ ਗ੍ਰੰਥ ਸਾਹਿਬ, ਪੰਨਾ 1427)

ਮਾਨਵ-ਅਧਿਕਾਰਾਂ ਦੇ ਰੱਖਿਅਕ ਵਜੋਂ ਗੁਰੂ ਤੇਗ਼ ਬਹਾਦਰ ਜੀ ਦਾ ਨਾਂਅ ਪੂਰੀ ਦੁਨੀਆ ਵਿਚ ਸੂਰਜ ਵਾਂਗ ਚਮਕਦਾ ਰਹੇਗਾ। ਦੁਨੀਆ ਦੇ ਇਤਿਹਾਸ ਵਿਚ ਉਹ ਪਹਿਲੇ ਅਤੇ ਆਖ਼ਰੀ ਅਜਿਹੇ ਰਹਿਬਰ ਸਨ, ਜਿਨ੍ਹਾਂ ਨੇ ਕਿਸੇ ਦੂਜੇ ਧਰਮ ਦੀ ਆਜ਼ਾਦੀ ਹਿਤ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਅਤੇ ਸ਼ਹਾਦਤ ਵੀ ਅਜਿਹੀ ਕਿ ਖ਼ੁਦ ਕਾਤਲ ਕੋਲ ਚੱਲ ਕੇ ਗਏ। ਇਸ ਮਹਾਨ ਬਲੀਦਾਨ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੀ ਸਵੈ-ਜੀਵਨੀ ‘ਬਚਿਤਰ ਨਾਟਕ’ ਵਿਚ ਕਲਮਬੱਧ ਕੀਤਾ ਹੈ।-ਡਾ.ਕੁਲਦੀਪ ਕੌਰ

Be the first to comment

Leave a Reply