ਨੌਵੇਂ ਪਾਤਸ਼ਾਹ ਨੂੰ ਯਾਦ ਕਰਦਿਆਂ…

ਮਨੁੱਖੀ ਅਧਿਕਾਰਾਂ ਦੀ ਰਾਖ਼ੀ, ਧਰਮ ਦੀ ਅਜ਼ਾਦੀ, ਜਿਵੇਂ ਹੀ ਇਹ ਭਾਵਨਾ ਮਨਮਸਤਕ ਨੂੰ ਕੁਰੇਦਦੀ ਹੈ ਤਾਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਖ਼ੁਦ-ਬ-ਖ਼ੁਦ ਸਾਡੀਆਂ ਅੱਖਾਂ ਸਾਹਮਣੇ ਤੇ ਮਨਮਸਤਕ ਦੇ ਚਿੱਤਰਪਟ ‘ਤੇ ਆ ਜਾਂਦੀ ਹੈ। ਸਿੱਖ ਧਰਮ ‘ਤਿਲਕ ਜੰਝੂ’ ਵਰਗੇ ਫੋਕਟ ਕਰਮਕਾਂਡਾਂ ਦਾ ਵਿਰੋਧੀ ਹੈ। ਪੰ੍ਰਤੂ ਜਦੋਂ ਕੋਈ ਜ਼ਾਬਰ ਤਾਕਤ ਮਨੁੱਖ ਦੇ ਕਿਸੇ ਵੀ ਧਰਮ ਨੂੰ ਮੰਨਣ ਦੇ ਬੁਨਿਆਦੀ ਅਧਿਕਾਰ ‘ਤੇ ਹੱਲਾ ਕਰਦੀ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਆ ਜਾਂਦੇ ਹਨ। ਆਪਣਾ ਸੀਸ ਵਾਰ ਕੇ ਮਨੁੱਖੀ ਅਧਿਕਾਰਾਂ ਤੇ ਧਰਮ ਦੀ ਅਜ਼ਾਦੀ ਦੀ ਰਾਖ਼ੀ ਕਰਦੇ ਹਨ। ਇਸ ਤੋਂ ਵੱਡਾ ਮਨੁੱਖੀ ਅਧਿਕਾਰਾਂ ਦਾ ਰਾਖ਼ਾ ਭਲਾ ਕੌਣ ਹੋ ਸਕਦਾ ਹੈ? ਪ੍ਰੰਤੂ ਅਫ਼ਸੋਸ ਕਿ ਉਸ ਮਹਾਨ ਸ਼ਹੀਦ ਗੁਰੂ ਦਾ ਸ਼ਹੀਦੀ ਦਿਹਾੜਾ ਜਿਹੜਾ ਪੂਰੀ ਦੁਨੀਆਂ ‘ਚ ਮਨੁੱਖੀ ਅਧਿਕਾਰ ਦਿਵਸ ਦੀ ਪਹਿਰੇਦਾਰੀ ਵਜੋਂ ਮਨਾਇਆ ਜਾਣਾ ਚਾਹੀਦਾ ਹੈ, ਸਿੱਖ ਕੌਮ ਖ਼ੁਦ ਹੀ ਉਹ ਦਿਹਾੜੇ ਨੂੰ ਮਿਲਕੇ ਨਹੀਂ ਮਨਾ ਰਹੀ। ਫ਼ਿਰ ਅਸੀਂ ਦੁਨੀਆਂ ਨੂੰ ਆਖ਼ਰ ਸੁਨੇਹਾ ਕੀ ਦੇ ਸਕਾਂਗੇ?

ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਦਿਨ ਇਸ ਦੇਸ਼ ਲਈ ਅਤੇ ਖ਼ਾਸ ਕਰਕੇ ਹਿੰਦੂ ਕੌਮ ਲਈ ਬੇਹੱਦ ਇਤਿਹਾਸਕ ਹੈ, ਇਹ ਉਹ ਦਿਨ ਹੈ, ਜਿਸ ਬਾਰੇ ਇਸ ਕੌਮ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਸੀ, ਪ੍ਰੰਤੂ ਅਫ਼ਸੋਸ ਇਹੋ ਹੈ ਕਿ ਹਿੰਦੂ ਕੌਮ ਦੇ ਫ਼ਿਰਕੂ ਸੋਚ ਵਾਲੇ ਆਗੂਆਂ ਨੇ, ਉਸ ਇਤਿਹਾਸਕ ਘਟਨਾ ਨੂੰ ਦਿਲੋ-ਦਿਮਾਗ ‘ਚੋਂ ਮਨਫ਼ੀ ਕਰਵਾ ਕੇ, ਉਨਾਂ ਨੂੰ ‘ਅਹਿਸਾਨ-ਫਰਾਮੋਸ਼’ ਹੀ ਨਹੀਂ, ਸਗੋਂ ਗੁਰੂ ਤੇਗ ਬਹਾਦਰ ਦੀ ਕੌਮ ਦੇ ‘ਕਾਤਲਾਂ ਦੀ ਕਤਾਰ’ ‘ਚ ਲਿਆ ਖੜਾ ਕੀਤਾ, ਜਿਸ ਕੌਮ ਦੀ ਨੌਵੇਂ ਪਾਤਸ਼ਾਹ ਨੇ 24 ਮਈ 1676 ਈਸਵੀ ਨੂੰ ਪੰਡਿਤ ਕਿਰਪਾ ਰਾਮ ਦੀ ਅਗਵਾਈ ‘ਚ ਅਨੰਦਪੁਰ ‘ਚ ਆਏ ਕਸ਼ਮੀਰੀ ਪੰਡਿਤਾਂ ਦੀ ਬਾਂਹ ਫੜੀ ਸੀ ਅਤੇ ਤਿਲਕ, ਜਨੇੳੂ ਦੀ ਰਾਖੀ ਦਾ ਭਰੋਸਾ ਦਿੱਤਾ ਸੀ। ਸਿੱਖ ਧਰਮ ਦੇ ਬਾਨੀ ਜਗਤ ਬਾਬਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਜਨੇੳੂ ਦਾ ਕਰਮਕਾਂਡ ਆਖ ਕੇ ਖੰਡਨ ਕੀਤਾ ਸੀ, ਉਸੇ ਜਨੇੳੂ ਦੀ ਰਾਖੀ ਲਈ ਨੌਵੇਂ ਨਾਨਕ ਨੇ ਆਪਣਾ ਬਲੀਦਾਨ ਦੇ ਕੇ, ਦੁਨੀਆ ਨੂੰ ਦੱਸ ਦਿੱਤਾ ਸੀ ਕਿ ਸਿੱਖ ਧਰਮ ਦਾ ਕਿਸੇ ਨਾਲ ਕੋਈ ਨਿੱਜੀ ਵੈਰ-ਵਿਰੋਧ ਨਹੀਂ ਹੈ, ਉਹ ਸਰਬੱਤ ਦਾ ਭਲਾ ਮੰਗਦਾ ਹੈ, ਪ੍ਰੰਤੂ ਜ਼ੁਲਮ-ਜ਼ਬਰ ਭਾਵੇਂ ਉਹ ਕਿਸੇ ਤੇ ਹੋ ਰਿਹਾ ਹੋਵੇ, ਉਸ ਦੇ ਵਿਰੁੱਧ ਹੈ ਅਤੇ ਉਸ ਜ਼ੁਲਮ ਜਬਰ ਨੂੰ ਰੋਕਣ ਲਈ ਹਰ ਤਰਾਂ ਦੀ ਕੁਰਬਾਨੀ ਦੇ ਸਕਦਾ ਹੈ।

ਤਿਲਕ-ਜੰਝੂ ਦੀ ਰਾਖੀ ਲਈ ਕਸ਼ਮੀਰੀ ਪੰਡਿਤਾਂ ਨੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਕੇ ਅਰਜੋਈ ਕੀਤੀ, ਜਿਸ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਗੁਰੂ ਸਾਹਿਬ ਨੇ ਦਰ ਤੇ ਆਏ ਦੀ ਬਾਂਹ ਫੜਨ, ਹਰ ਸੁਆਲੀ ਦੀ ਝੋਲੀ ਭਰਨ ਅਤੇ ਜ਼ੁਲਮ ਜਬਰ ਨੂੰ ਰੋਕਣ ਹਿੱਤ ਸਵੀਕਾਰ ਕੀਤਾ। ਉਨਾਂ ਖ਼ੁਦ ਜਾ ਕੇ ਦਿੱਲੀ ਦੇ ਚਾਂਦਨੀ ਚੌਂਕ ‘ਚ ਜ਼ੁਲਮੀ ਰਾਜ ਸਿਰ ਠੀਕਰ ਫੋੜਿਆ, ਹਿੰਦ ਦੀ ਚਾਦਰ ਬਣਕੇ ਵਿਖਾਇਆ। ਉਸ ਤੋਂ ਬਾਅਦ ਸਿੱਖਾਂ ਨੇ ਵਿਦੇਸ਼ੀ ਜ਼ਾਲਮ ਧਾੜਵੀਆਂ ਤੋਂ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਛੁਡਾਉਣ ਲਈ ਆਪਣੇ ਸੀਸ ਤਲੀ ਤੇ ਧਰ ਕੇ, ਮੁਗਲ ਧਾੜਵੀਆਂ ਤੇ ਹਮਲੇ ਕੀਤੇ ਅਤੇ ਉਨਾਂ ਦੇ ਕਬਜ਼ੇ ‘ਚੋਂ ਬਹੂ-ਬੇਟੀਆਂ ਨੂੰ ਛੁਡਾ ਕੇ, ਉਨਾਂ ਦੇ ਘਰ-ਘਰ ਪਹੁੰਚਾਇਆ। ਇਹੋ ਕਾਰਣ ਹੀ ਸੀ ਕਿ ਪੰਡਿਤ ਮਦਨ ਮੋਹਣ ਮਾਲਵੀਆ ਵਰਗੇ ਸਿਆਣੇ ਤੇ ਦੂਰ-ਅੰਦੇਸ਼ ਆਗੂਆਂ ਨੇ ਹਰ ਹਿੰਦੂ ਦੇ ਘਰ ਜਨਮੇ ਵੱਡੇ ਪੁੱਤਰ ਨੂੰ ਸਿੱਖ ਬਣਾਉਣ ਦੀ ਪ੍ਰੰਪਰਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਚਾਰ ਕੀਤਾ ਅਤੇ ਸਿੱਖਾਂ ਤੇ ਹਿੰਦੂਆਂ ‘ਚ ਨਹੁੰ-ਮਾਸ ਦੇ ਰਿਸ਼ਤੇ ਨੂੰ ਪਕੇਰਾ ਕਰਨ ਦਾ ਯਤਨ ਕੀਤਾ, ਪ੍ਰੰਤੂ ਹਿੰਦੂ ਧਰਮ ਦੇ ਉਹ ਫਿਰਕੂ ਆਗੂਆਂ, ਜਿਹੜੇ ਸਿੱਖ ਧਰਮ ਦੀ ਮਹਾਨਤਾ, ਵਿਲੱਖਣਤਾ ਤੇ ਨਿਆਰੇਪਣ ਤੋਂ ਇਸ ਕਾਰਨ ਖੌਫ਼ ਖਾਂਦੇ ਸਨ ਕਿ ਇਹ ਮਾਨਵਤਾਵਾਦੀ ਧਰਮ, ਵਿਸ਼ਵ ਧਰਮ ਬਣਨ ਦੀ ਸਮਰੱਥਾ ਰੱਖਦਾ ਹੈ ਅਤੇ ਸਮਾਂ ਅਤੇ ਪਾ ਕੇ ਬਾਕੀ ਸਾਰੇ ਧਰਮ, ਸਿੱਖ ਧਰਮ ‘ਚ ਜਜ਼ਬ ਹੋ ਜਾਣਗੇ, ਉਨਾਂ ਸਿੱਖੀ ਨੂੰ ਹੀ ਹੜੱਪਣ ਲਈ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਸਿੱਖੀ ਸਿਧਾਂਤਾਂ ਨਾਲ ਖਿਲਵਾੜ, ਸਿੱਖ ਇਤਿਹਾਸ ਨਾਲ ਛੇੜ-ਛਾੜ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕਿੰਤੂ-ਪ੍ਰੰਤੂ, ਸਿੱਖ ਵਿਰਸੇ ਨੂੰ ਮਿਟਾਉਣ ਅਤੇ ਬਾਣੀ ਤੇ ਬਾਣੇ ਦੀ ਪ੍ਰਪੱਕਤਾ ਨੂੰ ਤੋੜਨ ਲਈ ਅੰਦਰੂਨੀ ਤੇ ਬਾਹਰੀ ਹਮਲੇ ਸ਼ੁਰੂ ਕਰ ਦਿੱਤੇ, ਜਿਹੜੇ ਅੱਜ ਤੱਕ ਬਾਦਸਤੁਰ ਜਾਰੀ ਹਨ।

ਮੁਗਲ ਧਾੜਵੀਆਂ ਨੇ ਸਿੱਖੀ ਅਣਖ, ਬਹਾਦਰੀ, ਕੁਰਬਾਨੀ ਤੇ ਸਵੈਮਾਣ ਦੇ ਜ਼ਜਬੇ ਨੂੰ ਕੁਚਲਣ ਲਈ ਵਾਰ-ਵਾਰ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਯਤਨ ਕੀਤਾ ਸੀ, ਉਸੇ ਲਾਈਨ ਤੇ ਉਹ ਕੌਮ ਵੀ ਕਈ ਵਾਰ ਤੁਰੀ, ਜਿਸ ਕੌਮ ਦੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਨੇ ਫੜੀ ਸੀ ਅਤੇ ਜਿਸ ਕੌਮ ਦੀ ਹੋਂਦ ਨੂੰ ਦਸਮੇਸ਼ ਪਿਤਾ ਨੇ ਸਰਬੰਸ ਕੁਰਬਾਨ ਕਰਕੇ ਬਚਾਇਆ ਸੀ (ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀ ਸਭ ਕੀ) ਸਿੱਖੀ, ‘ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ’, ਸਿਖਾਉਂਦੀ ਹੈ, ਪ੍ਰੰਤੂ ਸਿੱਖੀ ਦੀ ਇਨਕਲਾਬੀ ਧਾਰਾ ਤੇ ਮਾਨਵਤਾਵਾਦੀ ਲਹਿਰ ਨੂੰ ਹੀ ਸਿੱਖ ਵਿਰੋਧੀ ਸ਼ਕਤੀਆਂ ਬਰਦਾਸ਼ਤ ਨਹੀਂ ਕਰ ਸਕੀਆਂ। ਇੱਥੇ ਹੀ ਬਸ ਨਹੀਂ ਇਨਾਂ ਅਕ੍ਰਿਤਘਣ ਤਾਕਤਾਂ ਨੇ ਤਾਂ 1984 ਦੇ ਸਿੱਖ ਕਤਲੇਆਮ ਸਮੇਂ ਗੁਰੂ ਸਾਹਿਬ ਦੇ ਸ਼ਹੀਦੀ ਸਥਾਨ ਤੇ ਸਥਾਪਿਤ ਗੁਰਦੁਆਰਾ ਸੀਸ ਗੰਜ ਨੂੰ ਵੀ ਨਹੀਂ ਸੀ ਬਖ਼ਸਿਆ। ਅੱਜ ਵੀ ਸੰਘ ਦੇ ਆਗੂ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸ ਰਹੇ ਹਨ ਅਤੇ ਬੀਬੀ ਚਾਵਲਾ ਵਰਗੀਆਂ ਵਿੰਗੇ-ਟੇਢੇ ਢੰਗ ਨਾਲ ਸਿੱਖਾਂ ਨੂੰ ‘ਗਦਾਰ’ ਗਰਦਾਨ ਰਹੀਆਂ ਹਨ, ਪ੍ਰੰਤੂ ਕੋਈ ਹਿੰਦੂ ਆਗੂ, ਸਿੱਖ ਕੌਮ ਦੇ ਹਿੰਦੂ ਧਰਮ ਤੇ ਅਹਿਸਾਨਾਂ ਦੀ ਯਾਦ, ਕੌਮ ਨੂੰ ਕਰਵਾਉਣ ਦੀ ਅਤੇ ਉਸ ਪਿਰਤ ਦੀ ਜਿਹੜੀ ਕਿਸੇ ਸਮੇਂ ਹਿੰਦੂ ਘਰਾਂ ‘ਚ ਪ੍ਰਚਲਿਤ ਰਹੀ ਸੀ ਕਿ ਉਨਾਂ ਦਾ ਵੱਡਾ ਬੇਟਾ ਸਿੱਖ ਬਣਦਾ ਸੀ, ਯਾਦ ਕਰਵਾਉਣ ਦੀ ਲੋੜ ਨਹੀਂ ਸਮਝਦਾ, ਜੇ ਅਜਿਹਾ ਹੁੰਦਾ ਤਾਂ ਹਰ ਸ਼ਹਿਰ, ਕਸਬੇ ‘ਚ ਘੱਟੋ-ਘੱਟ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਹਰ ਹਿੰਦੂ ਜਥੇਬੰਦੀ ਵੱਲੋਂ ਜ਼ਰੂਰ ਸ਼ਰਧਾ ਭਾਵਨਾ ਨਾਲ ਅੱਗੇ ਹੋ ਕੇ ਮਨਾਇਆ ਜਾਂਦਾ ਹੁੰਦਾ।

ਸਿੱਖ ਕੁਰਬਾਨੀ ਦਾ ਮੁੱਲ ਨਹੀਂ ਮੰਗਦੇ, ਪ੍ਰੰਤੂ ਨੈਤਿਕਤਾ ਜ਼ਰੂਰ ਮੰਗ ਕਰਦੀ ਹੈ ਕਿ ਉਸ ਦਿਹਾੜੇ ਨੂੰ ਜਿਸ ਦਿਨ ਕਸ਼ਮੀਰੀ ਪੰਡਿਤਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ, ਗੁਰੂ ਸਾਹਿਬ ਅੱਗੇ ਔਰੰਗਜ਼ੇਬ ਵੱਲੋਂ ਹਿੰਦੂ ਧਰਮ ਨੂੰ ਭਾਰਤ ‘ਚੋਂ ਜਬਰੀ ਖ਼ਤਮ ਕਰਵਾਏ ਜਾਣ ਤੇ ਰੱਖਿਆ ਦੀ ਜੋਦੜੀ ਕੀਤੀ ਸੀ, ਯਾਦ ਕੀਤਾ ਜਾਵੇ। ਦਿਹਾੜੇ ਨੂੰ ਭੁੱਲਣਾ ਅਤੇ ਅਗਲੀਆਂ ਪੀੜੀਆਂ ਤੋਂ ਲੁਕਾਉਣਾ, ਅਕ੍ਰਿਤਘਣਤਾ, ਆਖੀ ਜਾਵੇਗੀ। ਸਿਆਣੇ, ਦਾਨਸ਼ਿਵਰ ਲੋਕਾਂ ਨੂੰ ਉਨਾਂ ਪੁਰਾਤਨ ਕੜੀਆਂ ਨੂੰ ਬਣਾਈ ਰੱਖਣ ਤੇ ਹੋਰ ਗੂੜਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਜਿਹੜੀਆਂ ਕੜੀਆਂ ਉਨਾਂ ਫਿਰਕੂ ਸ਼ਕਤੀਆਂ ਨੂੰ ਜਿਹੜੀਆਂ ਨਫ਼ਰਤ ਦੇ ਭਾਂਬੜ ਬਾਲ ਕੇ ਅੱਗ ਲਾਉਣ ਦੇ ਯਤਨਾਂ ‘ਚ ਹਨ ਤੇ ਸਿੱਖਾਂ ਦੀ ਨਿਆਰੀ ਹੋਂਦ ਨੂੰ ਹੜੱਪਣ ਦੇ ਮਨਸੂਬੇ ਘੜ ਰਹੇ ਹਨ, ਨੱਥ ਪਾ ਸਕਣ।-ਜਸਪਾਲ ਸਿੰਘ ਹੇਰਾਂ

Be the first to comment

Leave a Reply