ਜਬਰੀ ਸਿਰੋਪੇ ਪਾਉਣ ਦੀ ਥਾਂ ਦਿਲ ਜਿੱਤਣ ਦਾ ਸਮਾਂ: ਸਿੱਖੀ ਵਿੱਚ ‘ਧੱਕੇ’ ਜਾਂ ਧਰਮ ਬਦਲੀ ਦਾ ਸੰਕਲਪ ਨਹੀਂ ਹੈ!

ਦਵਿੰਦਰ ਕੌਰ – ਡੇਰਾ ਸਿਰਸਾ ਦਾ ਮੁਖੀ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਕਾਰਨ ਹੁਣ ਜੇਲ੍ਹ ਵਿੱਚ ਹੈ। ਜੇਲ੍ਹ ਜਾਣ ਤੋਂ ਪਹਿਲਾਂ ਜੋ ਕਲਾਬਾਜ਼ੀਆਂ ਉਸ ਨੇ ਅਤੇ ਉਸ ਦੇ ਕੁਝ ਨੇੜਲੇ ਪੈਰੋਕਾਰਾਂ ਨੇ ਦਿਖਾਈਆਂ, ਉਨ੍ਹਾਂ ਨੇ ਤਿੰਨ ਦਰਜਨ ਤੋਂ ਵੱਧ ਲੋਕਾਂ ਨੂੰ ਮਰਵਾ ਦਿੱਤਾ। ਡੇਰਾ ਮੁਖੀ ਦੇ ਜੇਲ੍ਹ ਜਾਣ ਨਾਲ ਉਸ ਦੇ ਆਮ ਪੈਰੋਕਾਰਾਂ ਵਿੱਚੋਂ ਕੁਝ ਦਾ ਉਸ ਦੇ ”ਰੱਬ’ ਹੋਣ ਦਾ ਤਲਿੱਸਮ ਟੁੱਟਿਆ ਹੈ, ਪਰ ਉਨ੍ਹਾਂ ਵਿੱਚੋਂ ਹਾਲੇ ਵੀ ਬਹੁਤੇ ਇਹ ਮੰਨ ਰਹੇ ਹਨ ਕਿ ਭੀੜਾਂ ਤਾਂ ਗੁਰੂਆਂ-ਪੀਰਾਂ ‘ਤੇ ਵੀ ਬਣਦੀਆਂ ਆਈਆਂ ਹਨ ਤੇ ਉਨ੍ਹਾਂ ਦਾ ਰੱਬ ਜਲਦੀ ਹੀ ਆਪਣੇ ਜਲੌਅ ਸਮੇਤ ਵਾਪਸ ਆਏਗਾ। ਇਹ ਵੱਖਰੀ ਗੱਲ ਹੈ ਕਿ ਜਿਉਂ-ਜਿਉਂ ਦਿਨ ਪੁੱਗਦੇ ਜਾ ਰਹੇ ਹਨ, ਇਹ ਤਲਿੱਸਮ ਟੁੱਟਦਾ ਜਾ ਰਿਹਾ ਹੈ। ਪੰਚਕੂਲਾ ਪੁੱਜੇ ਲੋਕਾਂ ਦੇ ਹਜੂਮ ਨੂੰ ਦੁਨੀਆਂ ਭਰ ਨੇ ਦੇਖਿਆ ਹੈ। ਤਕਨਾਲੋਜੀ ਨੇ ਘਰ ਬੈਠਿਆਂ ਹੀ ਸਾਨੂੰ ਬਹੁਤ ਕੁਝ ਦੇਖ ਲੈਣ ਦੇ ਕਾਬਲ ਬਣਾ ਦਿੱਤਾ ਹੈ। ਹਜੂਮ ਨੂੰ ਪੰਚਕੂਲਾ ਜਮ੍ਹਾਂ ਹੁੰਦਿਆਂ, ਹਿੰਸਾ ਕਰਦਿਆਂ, ਹਿੰਸਾ ਜਰਦਿਆਂ ਤੇ ਫਿਰ ਸੜਕਾਂ ‘ਤੇ ਰੁਲ ਖੁਲ ਘਰੋ-ਘਰੀਂ ਪਰਤਦਿਆਂ ਦੇਖਣਾ ਵੀ ਸਾਨੂੰ ਨਸੀਬ ਹੋਇਆ। ਇਸ ਹਜੂਮ ਵਿੱਚ ਸ਼ਾਮਲ ਲੋਕ ਕਿੰਨੇ ਸਾਧਾਰਨ, ਹਮਾਤੜ ਤੇ ਕਿੰਨੇ ਸਾਹ ਸੱਤਹੀਣ ਦਿਸਦੇ ਸਨ, ਇਹ ਗੱਲ ਖਾਸ ਤੌਰ ‘ਤੇ ਦੇਖਣ ਵਾਲੀ ਸੀ। ਕਮਜ਼ੋਰ ਮੂੰਹ, ਖਿੱਚੜੀ ਵਾਲ, ਤਾਂਬੇ ਵਾਂਗ ਤਪੇ ਰੰਗਾਂ ਵਾਲੇ ਲੋਕ ਆਮ ਪਿੰਡਾਂ ਤੇ ਛੋਟੇ ਸ਼ਹਿਰਾਂ ਦੇ ਸਾਧਾਰਨ ਲੋਕ ਸਨ, ਜਿਨ੍ਹਾਂ ਨੂੰ ਰੱਬ ਦੇ ਨਾਮ ਉੱਤੇ ਓਟ ਅਤੇ ਆਸਰੇ ਦੇ ਨਾਮ ਉੱਤੇ ਬੜੇ ਸੁਖਾਲਿਆਂ ਭਰਮ-ਜਾਲ ‘ਚ ਫਸਾਇਆ ਜਾ ਸਕਦਾ ਹੈ। ਹਾਲ ਦੀ ਘੜੀ ਇਹ ਨਿਓਟੇ ਲੋਕ ‘ਰੱਬਹੀਣ’ ਜਿਹੇ ਹੋ ਗਏ ਹਨ। ਦਿਲਚਸਪ ਗੱਲ ਹੈ ਕਿ ਆਸ-ਪਾਸ ਦੀਆਂ ਜ਼ਮੀਨਾਂ ਹਥਿਆ ਕੇ ਉਸਰੇ ਕਿਸੇ ਸ਼ਹਿਰ ਜਿੱਡੇ ਡੇਰੇ ਵਿੱਚ ਇਨ੍ਹਾਂ ਤਾਂਬੇ ਰੰਗੇ ਲੋਕਾਂ ਦੀ ਬਾਬੇ ਤੱਕ ਪਹੁੰਚ ਸੰਭਵ ਨਹੀਂ ਸੀ। ਸੋ ਹੁਣ ਪਿੰਡਾਂ-ਸ਼ਹਿਰਾਂ ਵਿੱਚ ਇਨ੍ਹਾਂ ਲੋਕਾਂ ਨੂੰ ਟਿੱਚਰਾਂ ਕੀਤੀਆਂ ਜਾ ਰਹੀਆਂ ਹਨ। ਇਕ ਪਾਸੇ ਟਿੱਚਰਾਂ ਹਨ, ਦੂਜੇ ਪਾਸੇ ਸਿੱਖ ਪੰਥ ਵਾਲੇ ਵੀ ਇਨ੍ਹਾਂ ਨੂੰ ‘ਵਾਜਾਂ ਮਾਰ ਰਹੇ ਹਨ ਕਿ ਇਹ ਸਿੱਖੀ ਦੀ ਮੁੱਖ ਧਾਰਾ ਵਿੱਚ ਆ ਜਾਣ। ਅਧਿਕਾਰਤ ਸਿੱਖ ਸੰਸਥਾਵਾ ਦੇ ਆਗੂਆਂ ਦੇ ਇਸ ਸਬੰਧੀ ਬਿਆਨ ਆ ਰਹੇ ਹਨ। ਅਜਿਹੇ ਆਗੂਆਂ ਲਈ ਅਸਲ ਵਿਚਾਰਯੋਗ ਗੱਲ ਇਹ ਹੈ ਕਿ ਇਹ ਤਬਕਾ ਇਕ ਬਾਬੇ ਦੇ ਤਲਿੱਸਮ ਵਿੱਚ ਫਸਿਆ ਕਿਉਂ ਸੀ? ਸ਼ਾਇਦ ਇਸ ਦੇ ਪਿੱਛੇ ਪ੍ਰਮੁੱਖ ਧਰਮਾਂ ਵਾਲਿਆਂ ਦੀ ਚੌਧਰ ਦੀ ਪ੍ਰਵਿਰਤੀ ਤੇ ਹਮਾਤੜਾਂ ਨੂੰ ‘ਹੇਚ’ ਜਾਨਣ ਦਾ ਰੁਝਾਨ ਵੀ ਕਿਤੇ ਕੰਮ ਕਰਦਾ ਰਿਹਾ ਹੈ।

ਸਿੱਖੀ ਬੜੀ ਸਹਿਜ ਜੀਵਨਧਾਰਾ ਦਾ ਨਾਮ ਹੈ ਜੋ ਊਚ-ਨੀਚ ਤੇ ਜਾਤ-ਪਾਤ ਦੇ ਭੇਦਭਾਵ ਨੂੰ ਨਹੀਂ ਮੰਨਦੀ। ਸਿੱਖ ਆਗੂਆਂ ਲਈ ਸਾਰੇ ਸਿੱਖਾਂ ਨੂੰ ਇਹ ਦੱਸਣਾ ਲਾਜ਼ਮੀ ਬਣ ਜਾਂਦਾ ਹੈ ਕਿ ਹਾਲ ਦੀ ਘੜੀ ਰੱਬ ਵਿਹੂਣੇ ਹੋ ਗਏ ਇਨ੍ਹਾਂ ਲੋਕਾਂ ਨੂੰ ਖੱਜਲ ਤੇ ਜ਼ਲੀਲ ਕਰਕੇ ਨਹੀਂ, ਬਲਕਿ ਸਤਿਕਾਰ ਨਾਲ ਸੱਦਾ ਦਿੱਤਾ ਜਾਵੇ। ਅੱਗੇ ਉਨ੍ਹਾਂ ਦੀ ਆਜ਼ਾਦੀ ਹੋਏਗੀ ਕਿ ਉਹ ਕੀ ਚਾਹੁੰਦੇ ਹਨ। ਡੇਰਿਆਂ ਵਾਲਿਆਂ ਬਾਬਿਆਂ ਦੇ ਮਗਰ ਓਹੀ ਲੋਕ ਲਗਦੇ ਹਨ ਜੋ ਕਿਤੇ ਨਾ ਕਿਤੇ ਅੰਦਰੋਂ ਭੈਅਭੀਤ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਮਨੋ-ਵਿਗਿਆਨਕ ਤੌਰ ‘ਤੇ ਕਿਸੇ ਪ੍ਰਤੱਖ ਆਸਰੇ, ਕਿਸੇ ਓਟ ਦੀ ਲੋੜ ਹੁੰਦੀ ਹੈ। ਇਨ੍ਹਾਂ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਦੀ ਲੋੜ ਹੈ ਕਿ ਇਨ੍ਹਾਂ ਦਾ ਸਤਿਕਾਰ ਕੀਤਾ ਜਾਏਗਾ ਤੇ ਸਿੱਖੀ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ ਲੋੜਵੰਦਾਂ ਦੀ ਮਦਦ ਵੀ ਕੀਤੀ ਜਾਏਗੀ।

ਵੋਟ ਬੈਂਕ ‘ਤੇ ਨਿਰਭਰ ਜਮਹੂਰੀ ਸਿਆਸੀ ਨਿਜ਼ਾਮ ਜਦੋਂ ਆਪਣੇ ਲੋਕਾਂ ਨੂੰ ਰੋਟੀ-ਰੋਜ਼ੀ ਦੇ ਸਾਧਨ ਇਮਾਨਦਾਰੀ ਨਾਲ ਮੁਹੱਈਆ ਨਹੀਂ ਕਰਾਉਂਦਾ ਤਾਂ ਦੁੱਖਾਂ ਮਾਰੀ ਜਨਤਾ ਅੱਕੀਂ-ਪਲਾਹੀਂ ਹੱਥ ਮਾਰਦੀ ਹੈ। ਸਿੱਟੇ ਵਜੋਂ ਉਹ ਅਜਿਹੇ ਬਾਬਿਆਂ ਦੀ ਗਰਕਣ ਵਿੱਚ ਜਾ ਫਸਦੀ ਹੈ। ਬੇਈਮਾਨ ਸਿਆਸੀ-ਤੰਤਰ ਅੱਗੋਂ ਫਿਰ ਅਜਿਹੇ ਬਾਬਿਆਂ ਤੇ ਆਡੰਬਰਾਂ ਦਾ ਸਭ ਤੋਂ ਵੱਡਾ ਆਸਰਾ ਬਣਦਾ ਹੈ। ਜਮਹੂਰੀਅਤ, ਭੀੜਤੰਤਰ ਬਣ ਕੇ ਰਹਿ ਗਈ ਹੈ ਤੇ ਇਸ ਭੀੜਤੰਤਰ ਨੇ ਹੀ ਪੰਚਕੂਲਾ ਵਿੱਚ ਰੰਗ ਦਿਖਾਇਆ। ਹਾਰੇ-ਟੁੱਟੇ ਲੋਕਾਂ ਦਾ ਇਹ ਹਜੂਮ ਇਸ ਵੇਲੇ ਨਿਰਾਸ਼ਾ ਵਿੱਚ ਹੈ। ਕੁਝ ਲੋਕਾਂ ਵੱਲੋਂ ਡੇਰੇ ਦਾ ਲੜ ਛੱਡ ਕੇ ਸਿੱਖੀ ਦੀ ਸ਼ਰਨ ਵਿੱਚ ਆਉਣ ਦੀਆਂ ਵੀ ਕਨਸੋਆਂ ਹਨ। ਆਉਂਦੇ ਦਿਨਾਂ ਵਿੱਚ ਇਹ ਵਰਤਾਰਾ ਵਧ ਸਕਦਾ ਹੈ। ਛੋਟੇ ਸ਼ਹਿਰਾਂ, ਪਿੰਡਾਂ ਵਿੱਚੋਂ ਹੋੜ ਲੱਗੇਗੀ ਕਿ ਵੱਧ ਤੋਂ ਵੱਧ ‘ਪ੍ਰੇਮੀਆਂ’ ਦੇ ਗਲਾਂ ਵਿੱਚ ਸਿਰੋਪੇ ਪਾਏ ਜਾਣ। ਅਜਿਹੇ ਵੇਲੇ ਸਿੱਖ ਆਗੂਆਂ ਨੂੰ ਹਰੇਕ ਪੱਧਰ ‘ਤੇ ਇਹ ਯਕੀਨੀ ਬਣਾਉਣਾ ਬਣਦਾ ਹੈ ਕਿ ਕਿਸੇ ਨੂੰ ਵੀ ਜ਼ਲੀਲ ਕਰਕੇ ਜਾਂ ਧੱਕੇ ਨਾਲ ਸਿੱਖ ਨਾ ਬਣਾਇਆ ਜਾਵੇ। ਸਿੱਖੀ ਵਿੱਚ ‘ਧੱਕੇ’ ਜਾਂ ਧਰਮ ਬਦਲੀ ਦਾ ਸੰਕਲਪ ਨਹੀਂ ਹੈ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਮਗਰੋਂ ਜਦੋਂ ਆਰਐਸਐਸ ਨੇ ਦੇਸ਼ ਦੇ ਈਸਾਈਆਂ ਤੇ ਮੁਸਲਮਾਨਾਂ ਨੂੰ ਹਿੰਦੂ ਧਰਮ ਵਿੱਚ ਵਾਪਸੀ ਦਾ ਸੱਦਾ ਦਿੱਤਾ ਸੀ ਤਾਂ ਉਸ ਨੂੰ ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ‘ਸਹੀ ਕਰਾਰ’ ਦਿੱਤਾ ਸੀ। ਉਸ ‘ਤੇ ਬਿਹਾਰ ਤੋਂ ਸੰਸਦ ਮੈਂਬਰ ਰਣਜੀਤਾ ਯਾਦਵ ਨੇ ਚੰਦੂਮਾਜਰਾ ਦੇ ਮੱਤ ਦਾ ਵਿਰੋਧ ਕੀਤਾ ਸੀ ਅਤੇ ਜਬਰੀ ‘ਘਰ ਵਾਪਸੀ’ ਨੂੰ ਸਿੱਖੀ ਦੀ ਭਾਵਨਾ ਦੇ ਖ਼ਿਲਾਫ਼ ਦੱਸਿਆ ਸੀ। ਮੌਜੂਦ ਸਮਾਂ ਕਿਸੇ ਡੇਰਾ ਪ੍ਰੇਮੀ ਨੂੰ ਜਬਰੀ ਸਿਰੋਪਾ ਪਹਿਨਾਉਣ ਦਾ ਨਹੀਂ ਸਗੋਂ ਉਨ੍ਹਾਂ ਦੀ ਜ਼ਿੰਦਗੀ ਲੀਹ ‘ਤੇ ਲਿਆਉਣ ਦਾ ਹੈ। ਉਨ੍ਹਾਂ ਨੂੰ ਸਮਾਜ ਦੇ ਅੰਗ ਸਮਝਣ ਵਾਲਾ ਵਿਵਹਾਰ ਹੋਣਾ ਚਾਹੀਦਾ ਹੈ। ਇਸੇ ਵਿੱਚ ਸਿੱਖੀ ਦਾ ਵੀ ਭਲਾ ਹੈ ਅਤੇ ਸਮੁੱਚੇ ਸਮਾਜ ਦਾ ਵੀ।

Be the first to comment

Leave a Reply