ਗਿਆਨ ਸਿੰਘ ਕੋਟਲੀ ਪੰਜਾਬੀ ਕਾਵਿ-ਕਲ ਦਾ ਸਰਬ-ਪੱਖੀ ਕਨੇਡੀਅਨ ਸ਼ਾਇਰ

ਕਨੇਡਾ ਦੇ ਸ਼ਹਿਰ ਵੈਨਕੂਵਰ ਨਿਵਾਸੀ ਪ੍ਰਿੰਸੀਪਲ ਗਿਆਨ ਸਿੰਘ ਕੋਟਲੀ ਜੀ ਦੀ ਇਸ ਚੌਥੀ ਕਾਵਿ-ਪੁਸਤਕ *ਧੰਨ ਲੇਖਾਰੀ ਨਾਨਕਾ* ਬਾਰੇ ਕੁਝ ਸ਼ਬਦ ਲਿਖਣ ਦੀ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਮੈਨੂੰ ਇਸ ਗੱਲ ਦੀ ਵੀ ਬੜੀ ਪ੍ਰਸੰਨਤਾ ਹੈ ਕਿ ਗਿਆਨ ਸਿੰਘ ਕੋਟਲੀ ਨੇ ਇਸ ਪੁਸਤਕ ਵਿਚ ਵੀ ਆਪਣੀਆਂ ਪਹਿਲੀਆਂ ਪੁਸਤਕਾਂ ਵਾਂਗ ਕਵਿਤਾ ਦੇ ਲੱਗਭਗ ਹਰ ਤਰ੍ਹਾਂ ਦੇ ਛੋਟੇ ਵਡੇ ਬਹਿਰ ਵਿਚ ਆਪਣੇ ਅਨੁਭਵ ਅਤੇ ਕਾਵਿ ਕਲਾ ਦਾ ਵਧੀਆ ਚਿੱਤ੍ਰਨ ਕੀਤਾ ਹੈ । ਗਿਆਨ ਸਿੰਘ ਕੋਟਲੀ ਹਰ ਪੱਖ ਤੋਂ ਗਿਆਨ ਦਾ ਮੁਜੱਸਮਾ ਕਹੇ ਜਾ ਸਕਦੇ ਹਨ। ਉਹਨਾਂ ਦੀ ਹਰ ਰੰਗ ਦੀ ਜਾਨਦਾਰ ਅਤੇ ਸੂਝ ਬੂਝ ਭਰਪੂਰ ਕਵਿਤਾ ਦਾ ਸਰੋਤ ਉਹਨਾਂ ਦੀ ਉਚੇਰੀ ਵਿਦਿਆ ਅਤੇ ਜੀਵਨ ਸਘੰਰਸ਼ ਦਾ ਲੰਮਾ ਵਿਸ਼ਾਲ ਤਜਰਬਾ ਕਹੇ ਜਾ ਸਕਦੇ ਹਨ । ਜ਼ਿੰਦਗੀ ਦੇ ਕਈ ਬਹੁ-ਪੱਖੀ ਰੰਗਾਂ ਦਾ ਤਜਰਬਾ ਰੱਖਣ ਤੋਂ ਇਲਾਵਾ ਕੋਟਲੀ ਜੀ ਵਿਦਿਆ ਦੇ ਖੇਤਰ ਵਿਚ ਵੀ ਡਬਲ ਐਮ.ਏ.(ਇੰਗਲਿਸ਼ ਅਤੇ ਪੁਲੀਟੀਕਲ ਸਾਇੰਸ), ਐਲ.ਐਲ.ਬੀ., ਇੰਗਲਿਸ਼/ਪੰਜਾਬੀ ਦੇ ਮੰਨੇ-ਪ੍ਰਮੰਨੇ ਅਨੁਵਾਦਿਕ, ਆਦਿ ਹਨ । ਇਸ ਤੋਂ ਇਲਾਵਾ ਧਾਰਮਿਕ ਬੁਲਾਰੇ ਤੇ ਵਿਆਖਿਆਕਾਰ ਵਜੋਂ ਵੀ ਜਾਣੇ ਜਾਣ ਦੇ ਨਾਲ ਨਾਲ ਪਾਰਭਾਸ਼ਿਕ ਸ਼ਬਦਾਵਲੀ ਗਿਆਤਾ ਵਜੋ ਵੀ ਭਰੋਸੇਯੋਗ ਸਮਝੀ ਜਾਣ ਵਾਲੀ ਹਸਤੀ ਹਨ । ਉਰਦੂ ਦੇ ਮਹਾਨ ਸ਼ਾਇਰ ਮਿਰਜ਼ਾ ਗਾਲਿਬ ਨੇ ਆਪਣੀ ਸ਼ਾਇਰੀ ਬਾਰੇ ਬੜੇ ਹੀ ਫਖਰ ਨਾਲ ਕਿਹਾ ਸੀ: *ਯੂੰ ਤੋ ਦੁਨੀਆਂ ਮੇਂ ਹੈਂ ਔਰ ਵੀ ਸੁਖਨਵਰ ਬਹੁਤ ਅੱਛੇ ਕਹਿਤੇ ਹੈਂ ਕਿ ਗਾਲਿਬ ਕਾ ਹੈ ਅੰਦਾਜ਼-ਏ-ਬਿਆਂ ਔਰ ।* ਮੈਂ ਸਮਝਦਾ ਹਾਂ ਕਿ ਗਿਆਨ ਸਿੰਘ ਕੋਟਲੀ ਬਾਰੇ ਇਹ ਕਹਿਣਾ ਉਚਿੱਤ ਹੋਵੇਗਾ ਕਿ:- *ਉੰਝ ਤਾਂ ਪਜੰਾਬੀ ਦੇ ਸ਼ਾਇਰ ਹਨ ਪਰੇ ਤੋਂ ਪਰੇ । ਪਰ ਗਿਆਨ ਸਿੰਘ ਦਾ ਸ਼ਾਇਰੀ ਰੰਗ ਹੈ ਨਿਰਾਲਾ ।* *ਜਿਵ ਜਿਵ ਪੰਗਲ-ਨੇਮ ਨਿਭਾਇਆ । ਤਿਵ ਤਿਵ ਕਾਵਿਕ ਹੁਨਰ ਦਿਖਾਇਆ ।* *ਸ਼ਾਇਰ ਨੂੰ ਮੈਂਡੇ ਮੌਲਾ ਆਪਣੀ ਆਗੋਸ਼ ਸਾਂਭੀ, ਸ਼ਾਇਰ ਦੀ ਪਹੁੰਚ ਅੰਦਰ ਰਮਜ਼ਾਂ ਦੇ ਰਾਜ਼ ਦੇਖੇ। *

ਗਿਆਨ ਸਿੰਘ ਕੋਟਲੀ ਆਪਣੀ ਹੀ ਧੁੰਨ ਦਾ ਇਨਸਾਨ ਹੈ । ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਉਹ ਵੈਨਕੂਵਰ ਵਿਖੇ ਮੌਸਮ ਭਾਵਂੇ ਕਿਸੇ ਤਰ੍ਹਾਂ ਦਾ ਹੋਵੇ, ਵਰਖਾ ਪੈਂਦੀ ਹੋਵੇ ਚਾਹੇ ਬਰਫ ਪੈਂਦੀ ਹੋਵੇ, ਉਸ ਨੇ ਏਥੋਂ ਦੇ *ਗਰਊਸ ਮਊਂਟੇਨ* ਜੇਹੇ ਸਿੱਧੇ ਉੱਚੇ ਪਹਾੜਾਂ ਦੀਆਂ ਔਖੀਆਂ ਟੀਸੀਆਂ ਤੇ ਜਾਣ ਲਈ ਕਮਰਕੱਸੇ ਕਰਨੇ ਹੀ ਹੰਦੇ ਹਨ । ਪਰ ਕਵਿਤਾ ਦਾ ਸਾਥ ਉਹ ਕਦੀ ਨਹੀਂ ਛੱਡਦਾ । ਇਹ ਦਲੇਰਾਨਾ ਤੇ ਚੜ੍ਹਦੀਕਲਾ ਦਾ ਹੁਲਾਰਾ ਦੇਣ ਵਾਲੀ ਭਾਵਨਾ ਉਸ ਦੀਆਂ ਕਵਿਤਾਵਾਂ ਵਿਚ ਤੁਹਾਨੂੰ ਕਾਫੀ ਮਾਤ੍ਰਾ ਵਿਚ ਮਿਲੇਗੀ । ਇਹ ਉਸ ਦੀ ਸ਼ਖਸੀਅਤ ਅਤੇ ਕਵਿਤਾ ਦਾ ਕਮਾਲ ਹੈ ਕਿ ਉਸ ਨੂੰੰ ਮਿਲ ਕੇ ਜਾਂ ਉਸ ਦੀ ਕਵਿਤਾ ਪੜ੍ਹ ਕੇ ਤੁਸੀਂ ਖੁਸ਼ੀ ਅਤੇ ਪ੍ਰਸੰਨਤਾ ਹੀ ਪ੍ਰਾਪਤ ਕਰੋਗੇ । ਆਪਣੀਆਂ ਬਹੁ-ਰੰਗੀ ਕਵਿਤਾਵਾਂ ਵਿਚ ਉਸ ਨੇ ਸਿੱਧੀ ਸਰਲ ਬੋਲੀ ਵਿਚ ਪਿਆਰ, ਲੋਕ ਭਲਾਈ, ਵਿਸ਼ਵ ਸ਼ਾਂਤੀ, ਚੜ੍ਹਦੀਕਲਾ, ਸਮਾਜਕ ਬੁਰਾਈਆਂ ਬਾਰੇ ਵਿਅੰਗ, ਅਤੇ ਆਤਮਿਕ ਹੁਲਾਰੇ ਜੇਹਾ ਵਲਵਲੇ ਭਰਪੂਰ ਚਿਤ੍ਰਨਕੀਤਾ ਹੈ ।ਇਸ ਬਾਰੇ ਮੇਰਾ ਇਕ ਸ਼ੇਅਰ ਹੈ,*ਕੱਦ ਉੱਚਾ ਕਿਰਦਾਰ ਜਾਂ ਕਸਬ ਕਮਾਲ ਕਰੇ । ਆਪਣੇ ਆਪ ਤਾਂ ਬਣਦੇ ਫਖਰ-ਜ਼ਮਾਨ ਬੜੇ* ਮੈਂ ਸਮਝਦਾ ਹਾਂ ਕਿ ਕਿਰਦਾਰ ਤੇ ਕਸਬ ਪੱਖੋਂ ਕੋਟਲੀ ਨੇ ਵਾਹਵਾ ਕਮਾਈ ਕੀਤੀ ਹੈ । ਇਸ ਨੇ ਆਪਣੀ ਜਾਨਦਾਰ ਸ਼ਾਇਰੀ ਨੂੰ ਗੁਰਬਾਣੀ ਦੀਆਂ ਰਮਜ਼ਾਂ ਨਾਲ ਵੀ ਚੰਗੀ ਤਰ੍ਹਾਂ ਬਹੁ-ਰੰਗੀ ਸ਼ਾਇਰੀ ਬਣਾਇਆ ਹੈ । ਮੈਂ ਹੁਣ ਗਿਆਨ ਸਿੰਘ ਕੋਟਲੀ ਦੀ ਸ਼ਾਇਰੀ ਦੇ ਕੁਝ ਨਿਰਾਲੇ ਰੰਗ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ । *ਧੰਨ ਲਿਖਾਰੀ ਨਾਨਕਾ* ਨਾਮੀ ਪਹਿਲੀ ਹੀ ਕਵਿਤਾ ਵਿਚ ਉਹ ਸ਼ਾਇਰ ਨੂੰ ਇਓਂ ਵੰਗਾਰ ਪਾਉਂਦਾ ਹੈ :-

*ਧੰਨ ਲੇਖਾਰੀ ਤੇ ਧੰਨ ਹੈ ਲਿਖਤ ਤੇਰੀ ਸਦਾ ਸੱਚੜੀ ਸਿਫਤ ਸੁਚਾਰ ਲਿਖੀਂ ।

ਸਿਮਰ ਸਾਦਿਕੀ ਸੱਚ ਸੁਭਾਵ ਸੁਹਣਾ ਸੁਹਣੀ ਸੁੱਚੜੀ ਸੋਚ ਸੁਆਰ ਲਿਖੀਂ ।

ਡੋਬ ਕਲਮ ਗਿਆਨ ਪਰਕਾਸ਼ ਅੰਦਰ ਨ੍ਹੇਰ ਛੰਡ ਕੇ ਗਿਆਨ ਸੰਚਾਰ ਲਿਖੀਂ ।

ਦੁੱਖ ਭੁੱਖ ਗਰੀਬੀ ਨਾ ਰਹੇ ਰਿਸ਼ਵਤ ਹੱਕ ਸੱਚ ਲਈ ਚੁੱਕ ਤਲਵਾਰ ਲਿੱਖੀਂ ।*

ਗਿਆਨ ਸਿੰਘ ਨੇ ਇਸ ਸ਼ਿਅਰ ਦੀ ਅਨੁਪ੍ਰਾਸ ਅਲੰਕਾਰ ਕਰ ਕੇ ਰਵਾਨੀ (ਚਾਲ) ਬੜੀ ਮਸਤਾਨੀ ਕਰ ਦਿਖਾਈ ਹੈ । ਸ਼ਿਅਰ ਦੇ ਦੂਜੇ ਮਿਸਰੇ ਦੇ ਕੁਲ ਦਸ ਸ਼ਬਦਾਂ ਚੋਂ ਨੌਂ ਸ਼ਬਦਾਂ ਦਾ ਹਰ ਪਹਿਲਾ ਸ਼ਬਦ *ਸ* ਸ਼ਬਦ ਨਾਲ ਸ਼ੁਰੂ ਹੁੰਦਾ ਹੈ । ਏਸੇ ਕਰ ਕੇ ਐਸੇ ਮਿਸਰਿਆਂ ਨੂੰ ਅਲੰਕਾਰ ਗਹਿਣੇ ਨਾਲ ਸਜਾਇਆ ਕਿਹਾ ਜਾਂਦਾ ਹੈ । ਅਗਲੀ ਕਵਿਤਾ ਦਾ ਸੁੰਦਰ ਰੰਗ ਦੇਖੋ- *ਜ਼ਿੰਦਗੀ ਦਾ ਰੰਗ ਸੂਹਾ ਗੁਲਗੁਲ ਗੁਲਾਬ ਦਿਸਦਾ ।ਜੋ ਵੀ ਹੈ ਦਿਲ ਦੇ ਅੰਦਰ ਸਾਲਮ ਸ਼ਬਾਬ ਦਿਸਦਾ ।

ਨਫਰਤ ਤੇ ਈਰਖਾ ਨਾ ਤਲਖੀ ਨਾ ਵੈਰ ਹਿੰਸਾ, ਹੱਥ ਪਿਆਰ ਦੇ ਹੀ ਸਾਰਾ ਏਥੇ ਹਿਸਾਬ ਦਿਸਦਾ ।* ਕੁਰਬਾਨ ਹੋਣ ਚੱਲੇ ਵਿਚ ਸ਼ੌਕ ਦਾ ਸ਼ਰਾਰਾ ਦੇਖੋ-

*ਹਰਗਿਜ਼ ਨਾ ਥੰਮ੍ਹ ਹੁੰਦੇ ਉਹ ਸ਼ੌਕ ਦੇ ਸ਼ਰਾਰੇ ਖੁਦ ਹੀ ਜੋ ਕਤਲਗਾਹ ਨੂੰ ਕੁਰਬਾਨ ਹੋਣ ਚੱਲੇ ।

ਜਾਨਣ ਕੀ ਸ਼ਹਿਨਸ਼ਾਹੀ ਮਾਨਣ ਕੀ ਪਾਤਸ਼ਾਹੀ ਕਰ ਕੇ ਜੋ ਲੋਕ ਸੇਵਾ ਭਗਵਾਨ ਹੋਣ ਚੱਲੇ । *

ਗਿਆਨ ਸਿੰਘ ਕੋਟਲੀ ਸਰਬ ਰੰਗੀ ਸ਼ਾਇਰ ਹੈ। ਸ਼ਾਇਰ ਨੇ ਜਿੱਥੇ ਇਸ਼ਕ ਹਕੀਕੀ ਦਾ ਰੰਗ ਖੂਬ ਅਪਣਾਅਿ ਹੈ ਓਥੇ ਇਸ਼ਕ ਮਜ਼ਾਜ਼ੀ ਦੀਆਂ ਰਮਜ਼ਾਂ ਵੀ ਮਾਰੀਆਂ ਹਨ । ਜ਼ਰਾ ਗੌਰ ਫੁਰਮਾਓ- *ਹੁਸਨ ਸੁਰਾਹੀ* *ਹੁਸਨ ਸੁਰਾਹੀ ਜਦ ਵੀ ਏਧਰ ਨਜ਼ਰ ਸਵੱਲੀ ਕੀਤੀ ਹੈ । ਉਸ ਦੇ ਨਾਜ਼ ਅਦਾ ਦੀ ਸ਼ੋਖੀ ਆਪਾਂ ਰੱਜ ਕੇ ਪੀਤੀ ਹੈ । ਸਾਡੀ ਆਸ ਦੇ ਘੋਗੇ ਸਿੱਪੀਆਂ ਤਰਦੇ ਡੁਬਦੇ ਉਹਦੇ ਨੈਣੀ,ਇਹੀਓ ਲਹਿਰ ਹੁਲਾਰਾ ਹੀ ਤਾਂ ਸਾਡੀ ਪਾਕ-ਪ੍ਰੀਤੀ ਹੈ ।*

*ਹਸੀਨ ਜ਼ਿੰਦਗੀ* ‘ਚ ਹਸੀਨ ਰੰਗ ਦੇਖੋ:-   *ਬੜੀਆਂ ਹਸੀਨ ਗੱਲਾਂ ਕਰਦੀ ਹੈ ਜ਼ਿੰਦਗੀ । ਸੁਹਜਾਂ ਦੇ ਨਾਲ ਦਾਮਨ ਭਰਦੀ ਹੈ ਜ਼ਿਦਗੀ । ਹੱਕ ਸੱਚ ਤੇ ਨਿਆਂ ਤੇ ਦਿੰਦੀ ਹਮੇਸ਼ ਪਹਿਰਾ, ਅਣਖਾਂ ਦੀ ਮੌਤ ਹੱਸ ਕੇ ਮਰਦੀ ਹੈ ਜ਼ਿੰਦਗੀ ।*

*ਭੰਗੜਾ ਪਾਈਏ * ਵਿਚ ਕਿਆ ਕਮਾਲ ਦੀ ਭਾਵਨਾ ਦੇਖੋ-

*ਆਵੋ ਨੱਚੀਏ ਟੱਪੀਏ ਗਾਈਏ,ਭੰਗੜੇ ਪਾ ਕੇ ਖੁਸ਼ੀ ਮਨਾਈਏ ।

ਸਭ ਨੂੰ ਵੰਡ ਕੇ ਖੁਸ਼ੀਆਂ ਖੇੜੇ, ਸਭ ਨੂੰ ਮਿੱਤ੍ਰ ਯਾਰ ਬਣਾਈਏ ।

ਤਨ ਮਨ ਹਿੰਮਤ ਜੋਸ਼ ਜੁਆਨੀ, ਦੇਸ਼ ਕੌਮ ਦੇ ਲੇਖੇ ਲਾਈਏ ।

ਆਵੋ ਸਾਰੇ ਧੂਮ ਮਚਾਈਏ, ਆਵੋ ਮਿਲ ਕੇ ਭੰਗੜਾ ਪਾਈਏ । *

*ਦਿੱਲੀ ਦੂਰ ਨਹੀਂ ਹੈ*- *ਦੁੱਖ ਦਲਿੱਦਰ ਦੂਰ ਭਜਾਉਣਾ, ਦੇਸ਼ ਚੋਂ ਭ੍ਰਿਸ਼ਟਾਚਾਰ ਮੁਕਾਉਣਾ ।

ਉੇਲਟੀ ਵਾੜ ਖੇਤ ਨੂੰ ਖਾਵੇ, ਜੋਰ ਜੁਲਮ ਇਹ ਛੰਡ ਦਿਖਾਉਣਾ ।

ਕਾਲਾ ਧਨ ਤੇ ਚਿੱਟੀ-ਰਿਸ਼ਵਤ, ਰਹਿਣਾ ਕਿਤੇ ਫਤੂਰ ਨਹੀਂ ਹੈ ।

ਤਾਂ ਹੀ ਲੋਕ ਨੇ ਇਕ ਹੋ ਕਹਿੰਦੇ, ਹੁਣ ਤਾਂ ਦਿੱਲੀ ਦੂਰ ਨਹੀਂ ਹੈ । *

*ਆਜ਼ਾਦੀ ਦੇ ਪਰਵਾਨੇ* *ਜਿੰਦੜੀ ਦੇਸ਼ ਤੋਂ ਘੋਲ ਘੁਮਾਉੇਣ ਵਾਲੇ, ਝੱਲਦੇ ਕਦੇ ਨਾ ਧੌਂਸ ਬੇਗਾਨਿਆਂ ਦੀ ।

ਹੁੰਦੀ ਜਦੋਂ ਕੁਰਬਾਨੀ ਦੀ ਸ਼ਮ੍ਹਾਂ ਰੌਸ਼ਨ,ਹੁੰਦੀ ਉਦੋਂ ਏ ਪਰਖ ਪਰਵਾਨਿਆਂ ਦੀ । *

*ਕੁਦਰਤ ਰਾਣੀ*- *ਇਸ ਥਾਂ ਝਰਨਾ ਝੀਲ ਬਗੀਚਾ, ਖੌਰੂ ਪਾਉਂਦਾ ਪਾਣੀ ਦੇਖ ।

ਘੇਰੀ ਝੀਲ ਚਟਾਨਾਂ ਬਿਰਖਾਂ, ਇਸ ਦੀ ਸ਼ਾਨ ਸੁਹਾਣੀ ਦੇਖ ।

ਲਹਿਰਾਂ ਦਾ ਸੁਣ ਨਾਦ ਅਨਾਦੀ, ਕੁਲਕੁਲ ਕਰਦਾ ਪਾਣੀ ਦੇਖ ।

ਪੱਥਰਾਂ ਥਾਣੀ ਲੰਘਦਾ ਪਾਣੀ, ਕਿੰਝ ਹੈ ਫੇਰ ਮਧਾਣੀ ਦੇਖ ।*

*ਇਸ਼ਕ ਮੁਹੱਬਤ ਨਾਨਕਾ*- ਉੱਚਾ ਸੁੱਚਾ ਸਮਤਲੀ, ਰੱਖ ਆਪਣਾ ਅਹਿਸਾਸ ।

ਹਿਰਦੇ ਰੱਖ ਤੂੰ ਸਾਦਿਕੀ, ਰੂਹ ‘ਚ ਰੱਖ ਹੁਲਾਸ ।

‘ਦੁਨੀਂ ਸੁਹਾਵਾ ਬਾਗ ਹੈ’,ਇਸ ਨੂੰ ਹੋਰ ਵਿਗਾਸ ।

*ਇਸ਼ਕ ਮੁਹੱਬਤ ਨਾਨਕਾ,* ਲੇਖਾ ਕਰਤੇ ਪਾਸ । *  ਮੈਂ ਗਿਆਨ ਸਿੰਘ ਕੋਟਲੀ ਦੀ ਕਵਿਤਾ ਬਾਰੇ ਆਪਣੇ ਵਲੋਂ ਬਹੁਤਾ ਕੁਝ ਲਿਖਣ ਦੀ ਥਾਂ ਉਹਨਾਂ ਦੀ ਕਾਵਿ ਵੰਨਗੀ ਦੇ ਕੁਝ ਸ਼ਿਅਰ ਹੀ ਪੇਸ਼ ਕੀਤੇ ਹਨ ਤਾਂ ਜੋ ਪਾਠਕ ਖੁਦ ਹੀ ਉਹਨਾਂ ਦੀ ਕਾਵਿ-ਕਲਾ ਦਾ ਮੁਲਅੰਕਣ ਕਰ ਸਕਣ । ਕੋਟਲੀ ਜੀ ਦੇ ਇਸ ਸੁੰਦਰ ਸ਼ਿਅਰ ਨਾਲ ਸਮਾਪਤ ਕਰਦਾ ਹਾਂ ।

*ਇਹ ਨਗਰੀ ਹੈ ਭਰਮ ਭੁਲਾਵਾ, ਆਪਣਾ ਮਨ ਸਮਝਾ ਕੇ ਰੱਖੀਂ ।

ਨ੍ਹੇਰ ਦੇ ਅੰਦਰ ਲੁੜਕ ਨਾ ਜਾਵੀਂ, ਹਰਦਮ ਪੈਰ ਟਿਕਾ ਕੇ ਰੱਖੀਂ ।

ਤੇਰੇ ਸੱਚ ਦਾ ਅਰਸ਼ੀ ਚਾਨਣ, ਕੂੜ ਚੌਗਿਰਦੇ ਸਹਿ ਨਹੀਂ ਸਕਣਾ,

ਫਿਰ ਵੀ ਆਪਣੀ ਆਸ ਦੇ ਸਿਰ ਤੇ, ਸਰਘੀ-ਸੋਨ ਸਜਾ ਕੇ ਰੱਖੀਂ ।*

ਹਰਭਜਨ ਸਿੰਘ ਬੈਂਸ

Be the first to comment

Leave a Reply