ਕੌਮ ਅੱਗੇ ਸੁਆਲ

*ਜਸਪਾਲ ਸਿੰਘ ਹੇਰਾਂ

ਭਾਵੇਂ ਕਿ ਇਸ ਸਮੇਂ ਹਰ ਸਿੱਖ ਦੇ ਮਨ ‘ਚੋਂ ਇੱਕੋ ਹੂਕ ਹੀ ਸੁਣਾਈ ਦਿੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰੰਤਰ ਬੇਅਦਬੀ ਕਿਉਂ ਹੋਈ? ਦੋਸ਼ੀ ਕਿੱਥੇ ਗਏ? ਇਹ ਸੁਆਲ ਹਰ ਸੱਚੇ ਸਿੱਖ ਦੇ ਮਨ ਮਸਤਕ ਤੇ 24 ਘੰਟੇ ਹਥੌੜੇ ਵਾਗੂੰ ਵੱਜ ਰਿਹਾ ਹੈ। ਪ੍ਰੰਤੂ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਇਸ ਸੁਆਲ ਨੂੰ ਸਿੱਖ ਪੰਥ ਚੋਣ ਮੁੱਦਾ ਬਣਾੳੂਗਾ ਜਾਂ ਨਹੀਂ? ਸਿਆਸੀ ਧਿਰਾਂ ਇਸ ਗੰਭੀਰ ਤੇ ਸਿੱਖ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ਨੂੰ ਸਿਰਫ਼ ਵੋਟਾਂ ਬਟੋਰਨ ਤੱਕ ਸੀਮਤ ਰੱਖਣਗੀਆਂ? ਤੇ ਨਾਲ ਦੀ ਨਾਲ ਇਹ ਬਹਾਨਾ ਵੀ ਲਾਇਆ ਜਾਵੇਗਾ ਕਿ ਸੁਪਰੀਮ ਕੋਰਟ ਨੇ ਧਰਮ ਦੀ ਗੱਲ, ਵੋਟਾਂ ‘ਚ ਕਰਨ ਤੋਂ ਰੋਕਿਆ ਹੋਇਆ ਹੈ। ਪ੍ਰੰਤੂ ਕੀ ਪੰਜਾਬ ‘ਚ ਇਸ ਸਮੇਂ ਗੁਰੂ ਗ੍ਰੰਥ ਤੇ ਪੰਥ ਤੇ ਹੋ ਰਹੇ ਮਾਰੂ ਹਮਲਿਆਂ ਤੋਂ ਵੱਡਾ ਕਈ ਹੋਰ ਮੁੱਦਾ ਹੈ? ਪੰਜਾਬ ਮਰ ਰਿਹਾ ਹੈ? ਕਿਉਂ ਮਰ ਰਿਹਾ ਹੈ? ਇਸਦੇ ਸਾਰੇ ਕਾਰਣਾਂ ਦਾ ਲੇਖਾ-ਜੋਖਾ ਵੀ ਆਏ ਦਿਨ ਕਰਦੇ ਰਹਾਂਗੇ? ਪ੍ਰੰਤੂ ਸਭ ਤੋਂ ਪਹਿਲੀ ਗੱਲ, ਗੁਰੂ ਤੋਂ ਹੀ ਸ਼ੁਰੂ ਹੁੰਦੀ ਹੈ। ਗੁਰੂ ਸਾਹਿਬ ਦੀ ਬੇਅਦਬੀ, ਸਾਰੀਆਂ ਸਿੱਖ ਸੰਸਥਾਵਾਂ ਦਾ ਭੋਗ, ਬਿਨਾਂ ਸ਼ੱਕ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਧਾਰਮਿਕ ਮੁੱਦੇ ਹਨ। ਪ੍ਰੰਤੂ ਸਿੱਖ ਲਈ ਸਿਆਸਤ ਨਹੀਂ, ਧਰਮ ਸਰਵਉੱਚ ਹੈ। ਫਿਰ ਉਹ ਧਰਮ ਦੀ ਹੋਂਦ ਤੇ ਹੋ ਰਹੇ ਹਮਲਿਆਂ ਨੂੰ ਚੁੱਪ-ਚਾਪ ਕਿਵੇਂ ਬਰਦਾਸ਼ਤ ਕਰੇ? ਇਸ ਸੁਆਲ ਦਾ ਜਵਾਬ ਕਿਹੜੀ ਅਦਾਲਤ? ਕਿਹੜਾ ਸੰਵਿਧਾਨ ਤੇ ਕਿਹੜੀ ਹਕੂਮਤ ਦੇਵੇਗੀ?

ਇਹ ਠੀਕ ਹੈ ਕਿ ਕੋਈ ਇਹ ਵੀ ਸੁਆਲ ਕਰ ਸਕਦਾ ਹੈ ਕਿ ਜਦੋਂ ਕੌਮ ਖ਼ੁਦ ਹੀ ਇਸ ਅਹਿਮ, ਗੰਭੀਰ ਧਾਰਮਿਕ ਮੁੱਦੇ ਤੇ ਇਕਜੁੱਟ ਹੋ ਕੇ ਲੜਨ ਲਈ ਤਿਆਰ ਨਹੀਂ, ਫ਼ਿਰ ਕੋਈ ਹੋਰ ਕਿਉਂ ਇਸ ਦੀ ਗੱਲ ਕਰੇਗਾ? ਇਹ ਵੀ ਆਪਣੇ-ਆਪ ‘ਚ ਕੌਮ ਲਈ ਹੀ ਔਖਾ ਸੁਆਲ ਹੈ, ਜਿਸਦਾ ਜਵਾਬ ਦੇਣਾ, ਹੋਰ ਵੀ ਔਖਾ ਹੈ। ਸਾਰੇ ਜਾਣਦੇ ਹਨ ਕਿ ਗੁਰੂ ਸਾਹਿਬ ਦੀ ਨਿਰੰਤਰ ਬੇਅਦਬੀ, ਬੇਅਦਬੀ ਦਾ ਰੋਸ ਕਰਦੇ ਸਿੱਖਾਂ ਦਾ ਕਤਲੇਆਮ, ਗਿਣੀ-ਮਿਥੀ ਸਾਜ਼ਿਸ ਦਾ ਸਿੱਟਾ ਸਨ। ਪ੍ਰੰਤੂ ਸਾਜ਼ਿਸ ਕਰਤੇ ਹੁਣ ਤੱਕ ਨੰਗੇ ਕਿਉਂ ਨਹੀਂ ਹੋਏ? ਇਹ ਸਰਕਾਰ ਦੀ ਬੇਈਮਾਨੀ ਜਾਂ ਭਾਈਵਾਲੀ ਸਦਕਾ ਹੋਇਆ। ਨਾਲ ਦੀ ਨਾਲ ਕਿਤੇ ਨਾ ਕਿਤੇ ਕੌਮ ਵੀ, ਦੋਸ਼ੀਆਂ ਦੀ ਕਤਾਰ ‘ਚ ਖੜੀ ਹੈ, ਉਹ ਸਰਕਾਰ ਨੂੰ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਮਜ਼ਬੂਰ ਕਿਉਂ ਨਹੀਂ ਕਰ ਸਕੀ? ਸੰਘਰਸ਼ ਅੱਧਵਾਟੇ ਕਿਉਂ ਮੁੱਕ ਗਿਆ? ਪ੍ਰੰਤੂ ਅੱਜ ਜਦੋਂ ਪੰਜਾਬ ਦੀ ਸੱਤਾ ਸੰਭਾਲਣ ਦੀ ਜੰਗ ਚੱਲ ਰਹੀ ਹੈ। ਸੱਤਾ ਦੇ ਭੁੱਖੇ, ਵੋਟਰ ਬਾਦਸ਼ਾਹ ਦੇ ਦਰ ਤੇ ਵੋਟਾਂ ਦੀ ਭੀਖ ਲਈ ਲੇਲੜੀਆਂ ਕੱਢ ਰਹੇ ਹਨ। ਉਸ ਸਮੇਂ ਇਹ ਸੁਆਲ ਹਰ ਸਿੱਖ ਨੂੰ ਇਨਾਂ ਸਿਆਸੀ ਧਿਰਾਂ ਤੋਂ ਜ਼ਰੂਰ ਪੁੱਛਣਾ ਚਾਹੀਦਾ ਹੈ, ਕਿ ਉਹ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਸਿੱਖਾਂ ਦੀ ਝੋਲੀ ਕਿਵੇਂ ਤੇ ਕਦੋਂ ਪਾਉਣਗੇ? ਗੁਰੂ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੀ, ਸਿੰਘਾਂ ਨੂੰ ਗੋਲੀਆਂ ਮਾਰਨ ਵਾਲੀ ਧਿਰ, ਅੱਜ ਕਿਹੜੇ ਮੂੰਹ ਨਾਲ ਸਿੱਖਾਂ ਦੀ ਵੋਟ ਮੰਗਣ ਲਈ ਉਨਾਂ ਦੇ ਵਿਹੜੇ ਆਉਣ ਦੀ ਜੁਰੱਅਤ ਕਰ ਸਕੀ ਹੈ? ਇਹ ਸੁਆਲ, ਹਰ ਸਿੱਖ ਨੂੰ ਆਪਣੇ ਆਪ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ।

Be the first to comment

Leave a Reply